ਪੱਤਰ ਪ੍ਰੇਰਕ
ਤਰਨ ਤਾਰਨ, 18 ਅਗਸਤ
ਝਬਾਲ ਇਲਾਕੇ ਦੇ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਝਬਾਲ ਨੇ ਇਲਾਕੇ ਅੰਦਰ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਇਸੇ ਦੌਰਾਨ ਉਸ ਨੇ ਤਿੰਨ ਦਿਨ ਪਹਿਲਾਂ 500 ਰੁਪਏ ’ਚ ਖਰੀਦੀ ਹੈਰੋਇਨ ਦੀ ਪੁੜੀ ਅੱਜ ਇੱਥੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਹਵਾਲੇ ਕੀਤੀ| ਗੁਰਮੀਤ ਸਿੰਘ ਨੇ ਇਹ ਵੀਡੀਓ ਐੱਸਐੱਸਪੀ ਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਹੈ| ਇਸ ਸਬੰਧੀ ਝਬਾਲ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਮੌਕੇ ’ਤੇ ਪੁਲੀਸ ਪਾਰਟੀ ਭੇਜੀ ਗਈ ਸੀ ਪਰ ਉੱਥੋਂ ਕੁਝ ਵੀ ਇਤਰਾਜ਼ਯੋਗ ਸਮਗਰੀ ਬਰਾਮਦ ਨਹੀਂ ਹੋਈ| ਗੁਰਮੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਵਲੋਂ ਪੇਸ਼ ਕੀਤੀ ਹੈਰੋਇਨ ਤੋਂ ਹੈਰਾਨ ਹੁੰਦਿਆਂ ਵਿਧਾਇਕ ਡਾ. ਸੋਹਲ ਨੇ ਨਸ਼ਿਆਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ ਦਿੱਤਾ| ਝਬਾਲ ਥਾਣਾ ਦੇ ਐੱਸਐੱਚਓ ਨੇ ਕਿਹਾ ਕਿ ਗੁਰਮੀਤ ਸਿੰਘ ਆਪਣੇ ਆਂਢ-ਗੁਆਂਢ ਨਾਲ ਚਲਦੀ ਦੁਸ਼ਮਣੀ ਦੀ ਆੜ ਵਿੱਚ ਹੀ ਅਜਿਹਾ ਕੁਝ ਕਰ ਰਿਹਾ ਹੈ|