ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 3 ਅਕਤੂਬਰ
ਇੱਥੇ ਫ਼ਤਿਆਬਾਦ ਚੌਕ ’ਚ 70 ਸਾਲਾ ਬਜ਼ੁਰਗ ਨੇ ਸੁਣਵਾਈ ਨਾ ਹੋਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਮਰਨ ਵਰਤ ’ਤੇ ਬੈਠਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਪ੍ਰਲਾਦ ਸਿੰਘ ਨੇ ਕੁਝ ਮਹੀਨੇ ਪਹਿਲਾਂ ਆਪਣੀ ਧੀ ਉੱਪਰ ਸਾਰੀ ਜਾਇਦਾਦ ਵੇਚ ਕੇ ਉਸ ਨੂੰ ਘਰੋਂ ਬੇਘਰ ਕਰਨ ਦੇ ਦੋਸ਼ ਲਗਾਏ ਸਨ। ਬਜ਼ੁਰਗ ਨੇ 19 ਅਪਰੈਲ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਤਾਂ 24 ਅਪਰੈਲ ਨੂੰ ਉਸ ਸਮੇਂ ਦੇ ਐੱਸਡੀਐੱਮ ਖਡੂਰ ਸਾਹਿਬ ਰੋਹਿਤ ਗੁਪਤਾ ਨੇ ਬਜ਼ੁਰਗ ਨੂੰ ਕਰਵਾਈ ਦਾ ਭਰੋਸਾ ਦੇ ਕੇ ਮਰਨ ਵਰਤ ਤੁੜਵਾ ਦਿੱਤਾ ਸੀ। ਪਰ ਛੇ ਮਹੀਨੇ ਬੀਤਣ ਦੇ ਬਾਵਜੂਦ ਕਾਰਵਾਈ ਨਾ ਹੁੰਦੇ ਦੇਖ ਬਜ਼ੁਰਗ ਵੱਲੋਂ ਦੁਬਾਰਾ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੌਕੇ ਪ੍ਰਲਾਦ ਸਿੰਘ ਨੇ ਐਸਡੀਐਮ ਖਡੂਰ ਸਾਹਿਬ ਦੇ ਰੀਡਰ ਉੱਪਰ ਕਥਿਤ ਤੌਰ ’ਤੇ ਖੱਜਲ ਖੁਆਰ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਪ੍ਰਲਾਦ ਸਿੰਘ ਵੱਲੋਂ ਆਪਣੀ ਧੀ ਉੱਪਰ ਦੋਸ਼ ਲਗਾਇਆ ਗਿਆ ਸੀ ਕਿ ਉਸ ਦੀ ਧੀ ਨੇ ਪੀੜਤ ਦੀ ਸਾਰੀ ਜਾਇਦਾਦ ਕਥਿਤ ਤੌਰ ’ਤੇ ਧੋਖੇ ਨਾਲ ਵੇਚ ਕੇ ਸਾਰਾ ਪੈਸਾ ਹੜੱਪ ਕਰ ਲਿਆ ਗਿਆ ਹੈ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਅੱਗੇ ਅਪੀਲ ਕਰਨ ਦੇ ਬਾਵਜੂਦ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਮਾਮਲੇ ਵਿੱਚ ਪੀੜਤ ਬਜ਼ੁਰਗ ਪ੍ਰਲਾਦ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁਖਾਤਬ ਹੋ ਕੇ ਹਲਕੇ ਦੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਕੋਲੋਂ ਇਨਸਾਫ਼ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਐੱਸਡੀਐੱਮ ਖਡੂਰ ਸਾਹਿਬ ਅਮਨਜੋਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਜਾਣਕਾਰੀ ਹਾਸਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।