ਸਰਬਜੀਤ ਸਾਗਰ
ਦੀਨਾਨਗਰ, 22 ਮਈ
ਕਾਂਗਰਸ ਦੇ ਐੱਸਸੀ ਸੈੱਲ ਪੰਜਾਬ ਦੇ ਵਾਈਸ ਚੇਅਰਮੈਨ ਜਿੰਮੀ ਬਰਾੜ ਅਤੇ ਕੌਂਸਲਰ ਵੀਨਾ ਬਰਾੜ ਵੱਲੋਂ ਵਾਰਡ ਨੰਬਰ-7 ਵਿੱਚ ਭਰਵੀਂ ਚੋਣ ਮੀਟਿੰਗ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ’ਤੇ ਪਹੁੰਚੇ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਲੋਕਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੂਝਵਾਨ ਉਮੀਦਵਾਰ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਭਾਜਪਾ ਵੱਲੋਂ ਇਸ ਵਾਰ ਲੋਕਲ ਉਮੀਦਵਾਰ ’ਤੇ ਦਾਅ ਖੇਡਣ ਬਾਰੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅਜਿਹੀ ਕੋਈ ਵੀ ਚਾਲ ਸਫ਼ਲ ਨਹੀਂ ਹੋਵੇਗੀ ਕਿਉਂਕਿ ਸੰਨੀ ਦਿਉਲ ਦੀ ਕਾਰਗੁਜ਼ਾਰੀ ਤੋਂ ਗੁਰਦਾਸਪੁਰ ਦੀ ਜਨਤਾ ਪਹਿਲਾਂ ਹੀ ਅੱਕੀ ਪਈ ਹੈ।
ਚੇਅਰਮੈਨ ਜਿੰਮੀ ਬਰਾੜ ਤੇ ਵਾਰਡ ਵਾਸੀਆਂ ਨੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕੌਂਸਲਰ ਗਿਰਧਾਰੀ ਲਾਲ, ਆਸਾ ਰਾਮ ਸੰਗਮ, ਓਮ ਪ੍ਰਕਾਸ਼ ਬਰਾੜ, ਰਮੇਸ਼ ਕਲੌਤਰਾ, ਫ਼ੌਜੀ ਬਲਵਿੰਦਰ ਕੁਮਾਰ, ਕੌਂਸਲਰ ਪਰਮਜੀਤ ਕੌਰ ਅਤੇ ਚਾਂਦ ਕੁਮਾਰ ਸਮੇਤ ਮੋਹਤਬਰ ਹਾਜ਼ਰ ਸਨ।