ਨਿੱਜੀ ਪੱਤਰ ਪ੍ਰੇਰਕ
ਬਟਾਲਾ, 21 ਜਨਵਰੀ
ਪਿੰਡ ਉੱਚਾ ਠੀਕਰੀਵਾਲ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਰਾਜਸੀ ਬਲ ਮਿਲਿਆ, ਜਦੋਂ ਪਿੰਡ ਦੇ ਸਾਬਕਾ ਸਰਪੰਚ, ਮੌਜੂਦਾ ਪੰਚ ਅਤੇ ਲੰਬੜਦਾਰ ਸਮੇਤ ਹੋਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਲਕਾ ਬਟਾਲਾ ਤੋਂ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਨੇ ਇਨ੍ਹਾਂ ਦਾ ‘ਆਪ’ ਵਿੱਚ ਆਉਣ ’ਤੇ ਸਵਾਗਤ ਕੀਤਾ ਤੇ ਕਿਹਾ ਪਾਰਟੀ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਾਬਕਾ ਸਰਪੰਚ ਜਸਵੰਤ ਸਿੰਘ, ਲੰਬੜਦਾਰ ਸੁਖਦੇਵ ਸਿੰਘ, ਕੈਪਟਨ ਰਸ਼ਪਾਲ ਸਿੰਘ,ਪ ੰਚ ਮਨਪ੍ਰੀਤ ਸਿੰਘ, ਸਾਬਕਾ ਫੌਜੀ ਬਲਵਿੰਦਰ ਸਿੰਘ ਸਮੇਤ ਹੋਰਾਂ ਦਾ ਉਮੀਦਵਾਰ ਕਲਸੀ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ।
‘ਆਪ’ ਆਗੂਆਂ ਵੱਲੋਂ ਏਕਤਾ ਦਾ ਅਹਿਦ
ਫਗਵਾੜਾ (ਪੱਤਰ ਪ੍ਰੇਰਕ) ਆਮ ਆਦਮੀ ਪਾਰਟੀ ਦੀ ਫਗਵਾੜਾ ਇਕਾਈ ਨੇ ਅੱਜ ਫਗਵਾੜਾ ਤੋਂ ਕਾਂਗਰਸ, ਭਾਜਪਾ ਤੇ ਅਕਾਲੀ-ਬਸਪਾ ਗੱਠਜੋੜ ਸਮੇਤ ਭ੍ਰਿਸ਼ਟ ਪਾਰਟੀਆਂ ਦਾ ਸਫਾਇਆ ਕਰਨ ਲਈ ਪੂਰਨ ਏਕਤਾ ਦਾ ਅਹਿਦ ਲਿਆ। ਇੱਥੇ ਨਵੀਂ ਅਨਾਜ ਮੰਡੀ ਸਥਿਤ ਪਾਰਟੀ ਦਫ਼ਤਰ ਵਿੱਚ ਹੋਈ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ, ਜ਼ਿਲ੍ਹਾ ਸਕੱਤਰ ਨਿਰਮਲ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਿੰਦਰ ਸਿੰਘ ਵਿਰਕ, ਜ਼ਿਲ੍ਹਾ ਡਾਕਟਰ ਵਿੰਗ ਡਾ. ਜਗਜੀਤ ਸਿੰਘ ਵਿਰਕ ਤੇ ਜਤਿੰਦਰ ਸਿੰਘ ਪਰਹਾਰ ਤੇ ਹੋਰਨਾਂ ਨੇ ਕਿਹਾ ਕਿ ਫਗਵਾੜਾ ਇਕਾਈ ਸੂਬੇ ’ਚ ‘ਆਪ’ ਦੀ ਸਰਕਾਰ ਲਿਆਉਣ ਤੇ ਭਗਵੰਤ ਮਾਨ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਲਈ ਇਕਜੁੱਟ ਹੋ ਕੇ ਯਤਨ ਕਰੇਗੀ।
ਬਲਬੀਰ ਪੰਨੂ ਵੱਲੋਂ ਕੋਟਲਾ ਸ਼ਰਫ ਵਿੱਚ ਚੋਣ ਪ੍ਰਚਾਰ
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਕੋਟਲਾ ਸ਼ਰਫ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂ ਨੇ ਚੋਣ ਮੀਟਿੰਗ ਕੀਤੀ। ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਕਾਲੀ ਤੇ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਕਰਜ਼ੇ, ਨਸ਼ਾ ਅਤੇ ਰਿਸ਼ਵਤਖੋਰੀ ਦੇ ਜਾਲ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਤੀਜੇ ਬਦਲ ਨੂੰ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਪਾਰਟੀ ਵਰਕਰਾਂ ਵਿੱਚ ਜੋਸ਼ ਭਰ ਗਿਆ ਹੈ ਅਤੇ ਹੁਣ ਪਾਰਟੀ ਦੀ ਚੋਣ ਮੁਹਿੰਮ ਹੋਰ ਵੀ ਤੇਜ਼ ਹੋ ਗਈ ਹੈ।