ਭਗਵਾਨ ਦਾਸ ਸੰਦਲ
ਦਸੂਹਾ, 13 ਫਰਵਰੀ
ਇਥੇ ਹਲਕਾ ਦਸੂਹਾ ਵਿੱਚ ਦਿਨੋ ਦਿਨ ਸਿਆਸੀ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਰਵਾਇਤੀ ਪਾਰਟੀਆਂ ਪ੍ਰਤੀ ਰੋਹ ਦੇ ਚੱਲਦਿਆ ਹਲਕੇ ਅੰਦਰ ਝਾੜੂ ਕਾਰਨ ਪੰਜੇ, ਹਾਥੀ ਤੇ ਫੁੱਲ ਦਾ ਗਣਿਤ ਵਿਗੜਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਅਰੁਣ ਡੋਗਰਾ ਪਿਛਲੀ ਵਿਧਾਨ ਸਭਾ ਚੋਣ ’ਚ ਇਸ ਹਲਕੇ ਤੋਂ ਜੇਤੂ ਰਹੇ ਸਨ। ਉਨ੍ਹਾਂ ਨੇ 56,527 ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂਕਿ ਭਾਜਪਾ ਦੀ ਬੀਬੀ ਸੁਖਜੀਤ ਕੌਰ ਸਾਹੀ ਨੇ 38,889 ਅਤੇ ‘ਆਪ’ ਦੇ ਬੀਬੀ ਫੁੱਲ ਨੇ 16,330 ਵੋਟਾਂ ਲਈਆਂ ਸਨ। ਇਸ ਵਾਰ ਚੋਣਾਂ ਦੇ ਐਲਾਨ ਮੌਕੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ-ਬਸਪਾ ਦੇ ਉਮੀਦਵਾਰ ਵਿਚਕਾਰ ਨਜ਼ਰ ਆ ਰਿਹਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕੁਝ ਬਦਲ ਗਏ ਹਨ। ‘ਆਪ’ ਉਮੀਦਵਾਰ ਐਡਵੋਕੇਟ ਕਰਮਬੀਰ ਘੁੰਮਣ ਕਾਂਗਰਸ ਦੇ ਅਰੁਣ ਡੋਗਰਾ ਤੇ ਬਸਪਾ ਦੇ ਸ਼ੁਸ਼ੀਲ ਪਿੰਕੀ ਨੂੰ ਬਰਾਬਰ ਦੀ ਟੱਕਰ ਦੇਣ ਦੇ ਸਮਰੱਥ ਨਜ਼ਰ ਆ ਰਹੇ ਹਨ। ਲੋਕ ਭਾਵੇਂ ਖੁੱਲ੍ਹ ਕੇ ਕਿਸੇ ਪਾਰਟੀ ਵਿਸ਼ੇਸ਼ ਦਾ ਨਾਂਅ ਨਹੀਂ ਲੈ ਰਹੇ ਪਰ ਇਸ ਵਾਰ ਬਦਲਾਅ ਲਿਆਉਣ ਦੀ ਗੱਲ ਉਹ ਸਪਸ਼ਟ ਤੌਰ ’ਤੇ ਆਖ ਰਹੇ ਹਨ। ਹਲਕੇ ’ਚ ‘ਆਪ’ ਦੇ ਵਧ ਰਹੇ ਪਸਾਰ ਕਾਰਨ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ’ਚ ਖਲਬਲੀ ਮਚੀ ਹੋਈ ਹੈ। ਦੂਜੇ ਪਾਸੇ ਭਾਜਪਾ ਦੇ ਰਘੂਨਾਥ ਰਾਣਾ ਤੇ ਸੰਯੁਕਤ ਮੋਰਚਾ ਦੇ ਆਰ.ਐਲ ਸੰਧੂ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।