ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 19 ਅਪਰੈਲ
ਪਿੰਡ ਖਹਿਰਾ ਕਲਾਂ ਵਿਖੇ ਛੱਪੜ ਵਿੱਚੋਂ ਭੇਤਭਰੀ ਹਾਲਤ ’ਚ ਪਿੰਡ ਦੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਰਛਪਾਲ ਸਿੰਘ ਨੇ ਦੱਸਿਆ ਕਿ ਪ੍ਰਭਦਿਆਲ ਸਿੰਘ ਆਪਣੀ ਲੜਕੀ ਨੂੰ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਰੋਟੀ ਬਣਾ ਕੇ ਰੱਖੋ ਮੈਂ ਆਉਂਦਾ ਹਾਂ। ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਘਰ ਵਾਪਸ ਨਹੀਂ ਆਇਆ ਤਾਂ ਘਰਦਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਛੱਪੜ ਦੀ ਪੁਲ਼ੀ ਦੇ ਨਜ਼ਦੀਕ ਉਸ ਦੀ ਲਾਸ਼ ਪਈ ਦਿਖਾਈ ਦਿੱਤੀ ਅਤੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਡੀਐੱਸਪੀ ਫਤਿਹਗੜ੍ਹ ਚੂੜੀਆਂ ਰਿਪੁਤਪਨ ਸਿੰਘ ਤੇ ਐੱਸਐੱਚਓ ਅਲੀਵਾਲ ਟੀਪੀ ਸਿੰਘ ਨੇ ਦੱਸਿਆ ਕਿ ਇਹ ਗੈਰ ਕੁਦਰਤੀ ਮੌਤ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿਹਾੜੀਦਾਰ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ-ਘਰੋਟਾ ਮਾਰਗ ’ਤੇ ਸਥਿਤ ਪਿੰਡ ਦਰਸ਼ੋਪੁਰ ਮੋੜ ’ਤੇ 30 ਸਾਲਾਂ ਦੇ ਕਰੀਬ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ। ਉਸ ਦੀ ਸੂਚਨਾ ਮਿਲਣ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਜਾਂਚ ਆਰੰਭ ਦਿੱਤੀ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਸੁਜਾਨਪੁਰ ਵਜੋਂ ਹੋਈ ਹੈ। ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਮ੍ਰਿਤਕ ਦਿਹਾੜੀਦਾਰ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਬੀਤੇ ਦਿਨ ਕੰਮ ’ਤੇ ਗਿਆ ਸੀ ਪਰ ਘਰ ਨਹੀਂ ਪਰਤਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।