ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 15 ਅਪਰੈਲ
ਸੀਆਈਏ ਸਟਾਫ਼ ਦੀ ਟੀਮ ਵੱਲੋਂ ਲੰਘੇ ਦਿਨੀਂ ਪਿੰਡ ਕਾਲਾ ਬਾਲਾ ਮੋੜ ’ਤੇ ਇੱਕ ਨਾਜਾਇਜ਼ ਪਿਸਤੌਲ, ਇੱਕ ਮੈਗਜ਼ੀਨ ਅਤੇ ਦਸ ਜ਼ਿੰਦਾ ਰੌਂਦ ਸਮੇਤ ਫੜੇ ਗਏ ਦੋ ਮੁਲਜ਼ਮਾਂ ਦੀ ਪਛਾਣ ਸੀ ਕੈਟਾਗਰੀ ਦੇ ਗੈਂਗਸਟਰ ਵਜੋਂ ਹੋਈ ਹੈ। ਸ਼ੁਭਮ ਭੰਡਾਰੀ ਵਾਸੀ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਰਾਜਾਸਾਂਸੀ (ਅੰਮ੍ਰਿਤਸਰ) ਨਾਂ ਦੇ ਇਹ ਦੋਵੇਂ ਗੈਂਗਸਟਰ ਇੱਕ ਜਗ੍ਹਾ ਤੋਂ ਹਥਿਆਰ ਖ਼ਰੀਦ ਕੇ ਦੂਜੀ ਜਗ੍ਹਾ ਵੇਚਣ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਹਿਲੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁੱਛ-ਗਿੱਛ ਦੌਰਾਨ ਉਨ੍ਹਾਂ ਕੋਲੋਂ ਪੁਲੀਸ ਨੇ ਦੋ ਹੋਰ ਪਿਸਤੌਲ, ਦੋ ਮੈਗਜ਼ੀਨ, 11 ਜ਼ਿੰਦਾ ਰੌਂਦ ਅਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਹੈ । ਐੱਸਐੱਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਸ਼ੁਭਮ ਭੰਡਾਰੀ ਅਤੇ ਗੁਰਪ੍ਰੀਤ ਅਪਰਾਧਿਕ ਮਾਮਲਿਆਂ ਦੇ ਚੱਲਦਿਆਂ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ ਜਿੱਥੇ ਇਨ੍ਹਾਂ ਦੀ ਮੁਲਾਕਾਤ ਹੋਈ। ਜੇਲ੍ਹ ਵਿੱਚ ਹੀ ਇਨ੍ਹਾਂ ਦੀ ਮੁਲਾਕਾਤ ਯੂਪੀ ਨਿਵਾਸੀ ਰਾਹੁਲ ਨਾਮ ਦੇ ਨੌਜਵਾਨ ਨਾਲ ਹੋਈ ਸੀ ਜੋ ਨਾਜਾਇਜ਼ ਹਥਿਆਰ ਵੇਚਣ ਦਾ ਕੰਮ ਕਰਦਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ੁਭਮ ਅਤੇ ਗੋਪੀ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਹਥਿਆਰ ਦੇਣ ਵਾਲਾ ਰਾਹੁਲ, ਅਜੇ ਅਤੇ ਵਿਜੇ ਨਾਮ ਦੇ ਨੌਜਵਾਨ ਸ਼ਾਮਲ ਹਨ। ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲੈ ਲਿਆ ਹੈ।