ਡਾ. ਰਜਿੰਦਰ ਸਿੰਘ
ਡੇਰਾ ਬਾਬਾ ਨਾਨਕ, 11 ਜੁਲਾਈ
ਇੱਥੋਂ ਨੇੜਲੇ ਪਿੰਡ ਤਲਵੰਡੀ ਰਾਮਾ ਵਿੱਚ ਇਕ ਨਿੱਜੀ ਹਸਪਤਾਲ ’ਤੇ ਲੰਘੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ|
ਪੀੜਤ ਡਾਕਟਰ ਪਲਵਿੰਦਰ ਸਿੰਘ ਜੋ ਕਿ ਪਿੰਡ ਪੱਖੋਕੇ ਮਹਿਮਾਰਾ ਦਾ ਮੌਜੂਦਾ ਸਰਪੰਚ ਵੀ ਹੈ, ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਮਲੇਸ਼ੀਆ ਦੇ ਫੋਨ ਨੰਬਰ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਸਬੰਧੀ ਧਮਕੀ ਮਿਲੀ ਸੀ| ਉਨ੍ਹਾਂ ਦੇ ਮੋਬਾਈਲ ਫੋਨ ’ਤੇ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਨਤੀਜੇ ਭੁਗਤਣੇ ਪੈਣਗੇ| ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇੱਥੇ ਆਪਣਾ ਹਸਪਤਾਲ ਚਲਾ ਰਹੇ ਹਨ| ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀਆਂ ਪਹਿਲੀ ਜੁਲਾਈ ਤੋਂ ਮਿਲ ਰਹੀਆਂ ਸਨ| ਜੇਲ੍ਹ ’ਚੋਂ ਤੂਫ਼ਾਨ ਸਿੰਘ ਨਾਂ ਦੇ ਗੈਂਗਸਟਰ ਨੇ ਫੋਨ ਕਰ ਕੇ ਉਨ੍ਹਾਂ ਕੋਲੋਂ ਇਹ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਬਾਅਦ ਵਿੱਚ ਵੱਟਸਐਪ ’ਤੇ ਵੀ ਲਾਗਤਾਰ ਮੈਸੇਜ ਆਉਂਦੇ ਰਹੇ। ਉਨ੍ਹਾਂ ਵੱਲੋਂ ਇਸ ਸਬੰਧੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਗਈ ਸੀ| ਉਨ੍ਹਾਂ ਦੱਸਿਆ ਕਿ ਲੰਘੀ ਰਾਤ ਜਦੋਂ ਉਹ ਆਪਣੇ ਪਿੰਡ ਪਹੁੰਚੇ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਤਲਵੰਡੀ ਰਾਮਾਂ ਵਿੱਚ ਉਨ੍ਹਾਂ ਦੇ ਹਸਪਤਾਲ ’ਤੇ ਗੋਲੀਆਂ ਚਲਾਈਆਂ ਗਈਆਂ ਹਨ|
ਡਾ. ਪਲਵਿੰਦਰ ਸਿੰਘ ਨੇ ਪੁਲੀਸ ਕੋਲੋਂ ਇਸ ਸਬੰਧੀ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ| ਘਟਨਾ ਦਾ ਪਤਾ ਲੱਗਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ| ਇਸ ਸਬੰਧੀ ਐੱਸਐੱਚਓ ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ|