ਪੱਤਰ ਪ੍ਰੇਰਕ
ਤਰਨ ਤਾਰਨ, 6 ਜੂਨ
ਸੂਬੇ ਦੇ ਕਰੀਬ 200 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਅਤੇ ਹੋਰ ਸਟਾਫ਼ ਨੂੰ ਬੀਤੇ ਦੋ ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਹੀਂ ਹੋਇਅਆ| ਤਰਨ ਤਾਰਨ ਜ਼ਿਲ੍ਹੇ ਦੇ 36 ਸਕੂਲ ਪ੍ਰਭਾਵਿਤ ਹੋਏ ਹਨ| ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਪ੍ਰੀਤ ਮਾੜੀਮੇਘਾ ਅਤੇ ਮੁਲਾਜ਼ਮ ਆਗੂ ਕਾਰਜ ਸਿੰਘ ਕੈਰੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਪ੍ਰਬੰਧਾਂ ਦਾ ਵਧੀਕ ਚਾਰਜ ਆਸ-ਪਾਸ ਦੇ ਸਕੂਲਾਂ ਦੇ ਮੁਖੀਆਂ ਨੂੰ ਦਿੱਤਾ ਗਿਆ ਹੈ| ਇਸ ਵਾਧੂ ਜ਼ਿੰਮੇਵਾਰੀ ਖਿਲਾਫ਼ ਸਕੂਲਾਂ ਦੇ ਮੁਖੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ’ਤੇ ਉਨ੍ਹਾਂ ਵਾਧੂ ਚਾਰਜ ਛੱਡ ਦਿੱਤੇ ਹਨ, ਜਿਸ ਕਰਕੇ ਮੁੱਖੀਆਂ ਤੋਂ ਸੱਖਣੇ ਸਕੂਲਾਂ ਦੇ ਸਟਾਫ਼ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਆਗੂਆਂ ਨੇ ਸਰਕਾਰ ਨੂੰ ਬਿਨਾਂ ਦੇਰੀ ਦੇ ਸਕੂਲ ਮੁਖੀਆਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ|