ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 18 ਅਗਸਤ
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਡੇਹਰਾ ਸਾਹਿਬ ਵਿੱਚ ਦਰਜ ਦਾ ਕਿੱਤਾ ਕਰਦੇ ਇੱਕ ਵਿਅਕਤੀ ਦਾ ਅਣਪਛਾਤੇ ਕਾਰ ਸਵਾਰਾਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਫ਼ਕੀਰ ਸਿੰਘ ਵਾਸੀ ਰਾਹਾਲ ਚਾਹਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਗੱਡੀ ਵਿੱਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਦੁਕਾਨ ’ਤੇ ਬੈਠੇ ਚਰਨਜੀਤ ਸਿੰਘ ’ਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਸਥਾਨ ’ਤੇ ਪੁੱਜੇ ਸਬ-ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਅਤੇ ਐੱਸਐੱਚਓ ਨਵਦੀਪ ਸਿੰਘ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀ ਹੈ। ਡੀਐੱਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਚਰਨਜੀਤ ਦਾ ਕਈ ਵਿਅਕਤੀਆਂ ਨਾਲ ਪੈਸੇ ਦਾ ਲੈਣ-ਦੇਣ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।