ਪੱਤਰ ਪ੍ਰੇਰਕ
ਪਠਾਨਕੋਟ, 14 ਜੂਨ
ਟਿਊਸ਼ਨ ਪੜ੍ਹਨ ਲਈ ਜਾਂਦੀ 17 ਸਾਲ ਦੀ ਲੜਕੀ ਨੂੰ ਰਸਤੇ ਵਿੱਚ ਤੰਗ, ਪ੍ਰੇਸ਼ਾਨ ਕਰ ਰਹੇ ਇੱਕ ਲੜਕੇ ਤੋਂ ਦੁਖੀ ਹੋ ਕੇ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਸਬੰਧਤ ਲੜਕੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਤਾਰਾਗੜ੍ਹ ਦੀ ਚੰਡੀਗੜ੍ਹ ਆਬਾਦੀ ਰਾਏਪੁਰ ਦੀ ਇੱਕ ਔਰਤ ਨੀਲਮ ਕੁਮਾਰੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ 17 ਸਾਲਾਂ ਦੀ ਲੜਕੀ ਜੋ ਤਾਰਾਗੜ੍ਹ ਵਿੱਚ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੀ ਸੀ, ਜੋ ਸਕੂਲ ’ਚ ਛੁੱਟੀਆਂ ਹੋਣ ਕਾਰਨ ਟਿਊਸ਼ਨ ਪੜ੍ਹਨ ਤਾਰਾਗੜ੍ਹ ਜਾਂਦੀ ਸੀ। ਉਸ ਦੀ ਲੜਕੀ ਨੂੰ ਪਿੰਡ ਦਾ ਲੜਕਾ ਕੁਲਦੀਪ ਉਰਫ ਸਾਜਨ ਪ੍ਰੇਸ਼ਾਨ ਕਰਦਾ ਸੀ। ਉਹ ਲੜਕੀ ਨੂੰ ਫੋਨ ’ਤੇ ਵੀ ਪ੍ਰੇਸ਼ਾਨ ਕਰਦਾ ਸੀ। ਇਸ ਬਾਰੇ ਉਸ ਦੀ ਲੜਕੀ ਨੇ ਪਹਿਲਾਂ ਵੀ ਉਸ ਨੂੰ ਦੱਸਿਆ ਸੀ। ਉਨ੍ਹਾਂ ਬੇਇੱਜਤੀ ਦੇ ਡਰੋਂ ਕਿਸੇ ਨਾਲ ਗੱਲ ਨਹੀਂ ਕੀਤੀ। 7 ਜੂਨ ਨੂੰ ਲੜਕੀ ਟਿਊਸ਼ਨ ਤੋਂ ਵਾਪਸ ਆਈ ਤਾਂ ਚੁੱਪ-ਚਾਪ ਰਹਿਣ ਲੱਗੀ। 8 ਜੂਨ ਨੂੰ ਉਸ ਦੀ ਲੜਕੀ ਘਰ ਵਿੱਚ ਹੀ ਸੀ। ਜਦੋਂਕਿ ਉਹ ਘਰ ਦੇ ਨਾਲ ਹੀ ਆਪਣੀ ਕਰਿਆਨੇ ਦੀ ਦੁਕਾਨ ’ਤੇ ਕੰਮ ਕਰ ਰਹੀ ਸੀ। ਉਹ ਦੁਕਾਨ ਤੋਂ ਘਰ ’ਚ ਪਾਣੀ ਲੈਣ ਲਈ ਗਈ ਤਾਂ ਦੇਖਿਆ ਕਿ ਉਸ ਦੀ ਲੜਕੀ ਨੇ ਆਪਣੇ ਕਮਰੇ ’ਚ ਕੁੰਡੀ ਲਗਾਈ ਹੋਈ ਸੀ। ਉਸ ਨੇ ਲੜਕੀ ਨੂੰ ਆਵਾਜ਼ਾਂ ਲਾਈਆਂ ਤੇ ਦਰਵਾਜ਼ਾ ਖੜਕਾਇਆ ਪਰ ਕਮਰੇ ਅੰਦਰੋਂ ਕੋਈ ਅਵਾਜ਼ ਨਹੀਂ ਆਈ। ਉਸ ਨੇ ਦਰਵਾਜ਼ੇ ਨੂੰ ਧੱਕਾ ਮਾਰਿਆ ਤਾਂ ਕੁੰਡੀ ਟੁੱਟ ਗਈ। ਉਸ ਨੇ ਦੇਖਿਆ ਕਿ ਲੜਕੀ ਨੇ ਆਪਣੇ ਕਮਰੇ ’ਚ ਚੁੰਨੀ ਨੂੰ ਪੱਖੇ ਨਾਲ ਲਟਕਾ ਕੇ ਫਾਹਾ ਲਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਬਾਅਦ ’ਚ ਉਨ੍ਹਾਂ ਲੜਕੀ ਦੀ ਲਾਸ਼ ਨੂੰ ਉਤਾਰਿਆ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਸਸਕਾਰ ਕਰ ਦਿੱਤਾ। ਮ੍ਰਿਤਕਾ ਦੀ ਮਾਂ ਨੀਲਮ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਵੀ ਕਰਵਾਉਣਾ ਸੀ। ਉਹ ਸਦਮੇ ਕਾਰਨ ਪੁਲੀਸ ਨੂੰ ਜਾਣਕਾਰੀ ਨਹੀਂ ਦੇ ਸਕੇ।
ਮਾਂ ਦਾ ਦੋਸ਼ ਹੈ ਕਿ ਉਸ ਦੀ ਲੜਕੀ ਨੂੰ ਉਸ ਦੇ ਪਿੰਡ ਦੇ ਲੜਕੇ ਕੁਲਦੀਪ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਦੁਖੀ ਹੋ ਕੇ ਉਸ ਨੇ ਫਾਹਾ ਲਿਆ। ਇਸ ਕਰਕੇ ਉਸ ਦੀ ਲੜਕੀ ਨੇ ਕੁਲਦੀਪ ਉਰਫ ਸਾਜਨ ਤੋਂ ਮਜ਼ਬੂਰ ਹੋ ਕੇ ਮਰਨ ਦਾ ਕਦਮ ਚੁੱਕਿਆ। ਤਾਰਾਗੜ੍ਹ ਥਾਣੇ ਦੇ ਸਬ-ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਉਰਫ ਸਾਜਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਮੁਲਜ਼ਮ ਫਰਾਰ ਹੈ।