ਪੱਤਰ ਪ੍ਰੇਰਕ
ਚੋਹਲਾ ਸਾਹਿਬ, 14 ਜੁਲਾਈ
ਪਿੰਡ ਕੰਬੋਅ ਢਾਏ ਵਾਲਾ ਤੋਂ ਅੰਮ੍ਰਿਤਸਰ ਤੱਕ ਚੱਲਦੀ ਸਰਕਾਰੀ ਬੱਸ ਦੇ ਪਿਛਲੇ ਲੰਬੇ ਸਮੇਂ ਦੇ ਬੰਦ ਪਏ ਟਾਈਮ ਨੂੰ ਚਾਲੂ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਰੀ ਝੰਡੀ ਵਿਖਾ ਕੇ ਬੱਸ ਨੂੰ ਰਵਾਨਾ ਕਰ ਦਿੱਤਾ ਗਿਆ।
ਇਸ ਮੌਕੇ ਵਿਧਾਇਕ ਲਾਲਪੁਰਾ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਹ ਟਾਈਮ ਦੁਬਾਰਾ ਚਾਲੂ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਵੱਲੋਂ ਇਸ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਬੱਸ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਵਿਧਾਇਕ ਲਾਲਪੁਰਾ ਨੂੰ ਦੱਸਿਆ ਕਿ ਕੁਝ ਬੱਸਾਂ ਚੋਹਲਾ ਸਾਹਿਬ ਅੱਡੇ ਵਿੱਚ ਆਉਣ ਦੀ ਬਜਾਇ ਘੋੜੇ ਵਾਲੇ ਚੌਕ ਤੋਂ ਹੀ ਘੁੰਮ ਜਾਂਦੀਆਂ ਹਨ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਵਿਧਾਇਕ ਨੇ ਭਰੋਸਾ ਦਿੱਵਾਇਆ ਕਿ ਉਹ ਇਹ ਮਸਲਾ ਵੀ ਜਲਦੀ ਹੱਲ ਕਰਵਾਉਣਗੇ।