ਪੱਤਰ ਪ੍ਰੇਰਕ
ਅਜਨਾਲਾ, 14 ਜੁਲਾਈ
ਡਿੱਪੂ ਹੋਲਡਰਾਂ ਦੇ ਮਨਾਂ ’ਚ ਪੰਜਾਬ ਸਰਕਾਰ ਦੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਰਹੀ ਹੋਮ ਡਿਲਵਰੀ ਆਟਾ ਸਕੀਮ ਵਿੱਚ ਡਿੱਪੂ ਹੋਲਡਰਾਂ ਦੀ ਬਜਾਇ ਪ੍ਰਾਈਵੇਟ ਕੰਪਨੀਆਂ ਰਾਹੀਂ ਆਟਾ ਵੰਡਣ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡਿੱਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਦੂਜੋਵਾਲ ਅਤੇ ਰੋਸ਼ਨ ਲਾਲ ਨੇ ਦੱਸਿਆ ਕਿ ਸਮੂਹ ਡਿੱਪੂ ਹੋਲਡਰ ਪੰਜਾਬ ਸਰਕਾਰ ਦੀ ਆਟਾ ਸਕੀਮ ਦਾ ਸਵਾਗਤ ਕਰਦੇ ਹਨ ਪਰ ਆਟਾ ਡਿੱਪੂ ਹੋਲਡਰਾਂ ਦੇ ਰੁਜ਼ਗਾਰ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਰਾਹੀਂ ਵੰਡਿਆ ਜਾਣਾ ਚਾਹੀਦਾ ਸੀ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਕੀਮ ਵਿੱਚੋਂ ਡਿੱਪੂ ਹੋਲਡਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸਮੂਹ ਡਿੱਪੂ ਹੋਲਡਰ 1 ਸਤੰਬਰ ਤੋਂ ਬਾਅਦ ਪੰਜਾਬ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਕਰ ਕੇ ਪੰਜਾਬ ਸਰਕਾਰ ਖਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਸ਼ਾਂਤਮਈ ਸੰਘਰਸ਼ ਦੌਰਾਨ ਕੋਈ ਸਿੱਟਾ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਸਮੂਹ ਡਿੱਪੂ ਹੋਲਡਰ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕਰਨਗੇ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਵਾਅਦੇ ਅਨੁਸਾਰ ਆਟੇ ਦੀ ਵੰਡ ਡਿੱਪੂ ਹੋਲਡਰਾਂ ਰਾਹੀਂ ਕੀਤੀ ਜਾਵੇ। ਇਸ ਮੌਕੇ ਇਕੱਠੇ ਹੋਏ ਡਿੱਪੂ ਹੋਲਡਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੀਟਿਗ ਵਿੱਚ ਜੈਮਲ ਸਿੰਘ, ਰਮਨ ਕੁਮਾਰ, ਬਲਜੀਤ ਸਿੰਘ, ਭੁਪਿੰਦਰ ਸਿੰਘ, ਹਰਮੀਤ ਸਿੰਘ ਸੰਧੂ, ਅਮਬੀਰ ਸਿੰਘ ਬੱਲ, ਰਾਜੇਸ਼ ਕੁਮਾਰ, ਰੌਣਕੀ ਗੱਗੋਮਾਹਲ, ਮਿੱਠੂ ਚਮਿਆਰੀ ਅਤੇ ਪਰਮਜੀਤ ਸਿੰਘ ਪੰਮਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।