ਐਨਪੀ ਧਵਨ
ਪਠਾਨਕੋਟ, 13 ਅਕਤੂਬਰ
ਇੱਥੋਂ 5 ਵਾਰ ਕੌਂਸਲਰ ਰਹੇ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਜਿਨ੍ਹਾਂ ਬੀਤੀ ਸ਼ਾਮ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਜਲੰਧਰ ਵਿੱਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਵਿਭੂਤੀ ਸ਼ਰਮਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਰਾਜਸੀ ਸਮੀਕਰਨ ਬਦਲ ਗਏ ਹਨ। ਬੀਤੇ ਕੱਲ੍ਹ ਅਸਤੀਫਾ ਦੇਣ ਸਮੇਂ ਹੀ ਵਿਭੂਤੀ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ 2022 ਦੀ ਚੋਣ ਲੜਨਗੇ। ਉਨ੍ਹਾਂ ਦੇ ਅਸਤੀਫਾ ਦੇਣ ਤੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਅਮਿਤ ਵਿੱਜ ਨੇ ਕੋਈ ਵੀ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ। ਜਦ ਕਿ ਵਿਭੂਤੀ ਸ਼ਰਮਾ ਨੇ ਆਪਣੇ ਅਸਤੀਫੇ ਦਾ ਮੁੱਖ ਕਾਰਨ ਵਿਧਾਇਕ ਦੀਆਂ ਵਧੀਕੀਆਂ ਨੂੰ ਦੱਸਿਆ। ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਵਿਭੂਤੀ ਸ਼ਰਮਾ ਦੇ ਸਥਾਨਕ ਵਿਧਾਇਕ ਅਮਿਤ ਵਿੱਜ ਨਾਲ ਸਬੰਧ ਸੁਖਾਵੇਂ ਨਹੀਂ ਸਨ। ਨਗਰ ਨਿਗਮ ਦੀਆਂ ਚੋਣਾਂ ਵੇਲੇ ਵੀ ਅਮਿਤ ਵਿੱਜ ਉਨ੍ਹਾਂ ਦੀ ਪਤਨੀ ਨੂੰ ਟਿਕਟ ਨਹੀਂ ਦੇਣਾ ਚਾਹੁੰਦੇ ਸਨ। ਅਖੀਰ ਜ਼ੋਰਅਜਮਾਈ ਬਾਅਦ ਹੀ ਉਨ੍ਹਾਂ ਦੀ ਪਤਨੀ ਨੂੰ 21 ਨੰਬਰ ਵਾਰਡ ਤੋਂ ਪਾਰਟੀ ਟਿਕਟ ਮਿਲੀ ਸੀ ਤੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਸੀ ਸੀ।