ਪੱਤਰ ਪ੍ਰੇਰਕ
ਪੱਟੀ, 22 ਸਤੰਬਰ
ਇਥੇ ਸ਼ਹਿਰ ਅੰਦਰਲੇ ਬਾਜ਼ਾਰਾਂ ਸਣੇ ਖੇਮਕਰਨ ਸੜਕ ਅਤੇ ਤਰਨਤਾਰਨ ਸੜਕ ਉਪਰ ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਕਾਰਨ ਟਰੈਫ਼ਿਕ ਸਮੱਸਿਆ ਗੰਭੀਰ ਬਣੀ ਹੋਈ ਹੈ। ਖੇਮਕਰਨ ਅਤੇ ਤਰਨਤਾਰਨ ਸੜਕ ਉਪਰ ਬਣੇ ਵੱਡੇ ਸ਼ੋਅ ਰੂਮ ਦੇ ਮਾਲਕਾਂ ਵੱਲੋਂ ਵੱਡੀਆਂ ਇਮਰਾਤਾਂ ਬਣਾਉਣ ਵੇਲੇ ਪਾਰਕਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਨ੍ਹਾਂ ਇਮਾਰਤਾਂ ’ਚ ਚੱਲਦੇ ਆਈਲੈਟਸ ਸੈਂਟਰਾਂ ਸਣੇ ਹੋਰ ਵਪਾਰਕ ਅਦਾਰਿਆਂ ਤੇ ਦੂਸਰੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਿਜੀ ਤੌਰ ’ਤੇ ਨਾਜਾਇਜ਼ ਪਾਰਕਿੰਗ ਕਾਰਨ ਅਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਵੀ ਦੁਕਾਨਦਾਰਾਂ ਵੱਲੋਂ ਸਾਮਾਨ ਬਾਹਰ ਰੱਖਣ ਤੋਂ ਇਲਾਵਾ ਕੁੱਲਾ ਚੌਕ ਤੋਂ ਲੈ ਕੇ ਰੇਲਵੇ ਫ਼ਾਟਕ ਤੱਕ ਫਰਨੀਚਰ ਤੇ ਲੱਕੜ ਮਾਰਕੀਟ ਨੇ ਸੜਕ ਦੇ ਦੋਵੇਂ ਪਾਸੇ ਨਿੱਜੀ ਮਾਲਕੀ ਦੀ ਤਰਜ ’ਤੇ ਤਕਰੀਬਨ ਪੰਜ ਫੁੱਟ ਤੱਕ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਨਗਰ ਕੌਂਸਲ ਪੱਟੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ, ਟਰੈਫਿਕ ਦੀ ਸਮੱਸਿਆ ਦੂਰ ਕਰਨ ਦੇ ਨਾਲ ਸ਼ਹਿਰ ਦੀ ਹਦੂਦ ਅੰਦਰ ਬਿਨਾਂ ਮਨਜ਼ੂਰੀ ਲੱਗੇ ਮਸ਼ੂਹਰੀ ਬੋਰਡ ਦੇ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਣ ਵਿਭਾਗ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਕਿਹਾ ਕਿ ਵਿਭਾਗ ਦੀ ਜ਼ਮੀਨ ਉਪਰ ਨਾਜਾਇਜ਼ ਪਾਰਕਿੰਗ ਬਣਾਉਣ ਵਾਲੇ ਲੋਕਾਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ।