ਪੱਤਰ ਪ੍ਰੇਰਕ
ਕਾਹਨੂੰਵਾਨ, 8 ਅਗਸਤ
ਗੁਰਮਤਿ ਲੋਕ ਧਾਰਾ ਵਿਚਾਰ ਮੰਚ ਵੱਲੋਂ ਇੱਥੋਂ ਨਜ਼ਦੀਕ ਪੈਂਦੇ ਨਿਸ਼ਾਨੇ ਏ ਖ਼ਾਲਸਾ ਸਕੂਲ ਘੱਲੂਘਾਰਾ ਵਿੱਚ ‘ਗੁਰਮਤਿ ਦੇ ਚਾਨਣ ਵਿੱਚ ਮਾਰਕਸਵਾਦ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਲੋਕਧਾਰਾ ਵਿਚਾਰ ਮੰਚ ਦੇ ਆਗੂ ਜਸਬੀਰ ਸਿੰਘ ਬਾਜਵਾ, ਦਲਜੀਤ ਸਿੰਘ ਨਾਨੋਵਾਲ ਅਤੇ ਗੁਰਿੰਦਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਦੇ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਪਟਿਆਲਾ ਨੇ ਵਿਸ਼ੇ ਨੂੰ ਸਰਲ ਭਾਸ਼ਾ ਵਿੱਚ ਆਮ ਲੋਕਾਂ ਨੂੰ ਸਮਝਾਇਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੂਰਬੀ ਚਿੰਤਨ ਦਾ ਇਤਿਹਾਸ ਪੱਛਮੀ ਚਿੰਤਨ ਦੇ ਮੁਕਾਬਲੇ ਹਜ਼ਾਰਾਂ ਸਾਲ ਪੁਰਾਣਾ ਅਤੇ ਪਰਪੱਕ ਹੈ। ਸਿੱਖ ਗੁਰੂਆਂ ਨੇ ਪੂਰਬੀ ਚਿੰਤਨ ਨੂੰ ਗੁਰਮਤਿ ਦੇ ਰੂਪ ਵਿੱਚ ਉੱਚਤਮ ਪੜਾਅ ਉੱਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਚਿੰਤਨ ਆਰਥਿਕ ਮੁੱਦਿਆਂ ਤੱਕ ਸੀਮਤ ਹੈ ਜਦੋਂਕਿ ਪੂਰਬੀ ਚਿੰਤਨ ਪ੍ਰਕਿਰਤੀ ਦੇ ਸਰਬ ਪੱਖੀ ਵਿਕਾਸ ਦੀ ਗੱਲ ਕਰਦਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਛੋਟਾ ਘੱਲੂਘਾਰਾ ਸਾਹਿਬ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਸੈਮੀਨਾਰ ਵਿੱਚ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।