ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜੂਨ
ਪੰਜਾਬ ਦੇ ਐਸ.ਸੀ, ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕੀਤੇ ਗਏ ਕਥਿਤ ਘਪਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਐਸਸੀ ਵਿੰਗ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਕੀਤੀ ਗਈ। ਭੁੱਖ ਹੜਤਾਲ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਇੰਦਰਪਾਲ ਸਮੇਤ ਮੀਤ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ, ਜਨਰਲ ਸਕੱਤਰ ਰਵਿੰਦਰ ਹੰਸ ਤੇ ਹੋਰ ਅਹੁਦੇਦਾਰ ਓਮ ਪ੍ਰਕਾਸ਼ ਗੱਬਰ, ਲਵ ਬਬੋਰੀਆ, ਬਲਵਿੰਦਰ ਸਿੰਘ ਨੰਗਲੀ, ਬਲਵਿੰਦਰ ਸਹੋਤਾ ਅਤੇ ਬੂਟਾ ਰਾਮ ਸ਼ਾਮਲ ਹੋਏ। ‘ਆਪ’ ਦੇ ਸੂਬਾਈ ਜੁਆਇੰਟ ਸਕੱਤਰ ਅਸ਼ੋਕ ਤਲਵਾਰ ਨੇ ਕਿਹਾ ਕਿ ਵਜ਼ੀਫਾ ਘਪਲੇ ਕਾਰਨ ਸੂਬੇ ਦੇ ਬਹੁਤ ਸਾਰੇ ਕਾਲਜਾਂ ਨੇ ਜਿੱਥੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਰੋਲ ਨੰਬਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ, ਉੱਥੇ ਹੀ ਕਾਲਜਾਂ ਨੇ ਵਿਦਿਆਰਥੀਆਂ ਦੇ ਸਰਟੀਫਿਕੇਟ ਤੇ ਡਿਗਰੀਆਂ ਵੀ ਆਪਣੇ ਕਬਜ਼ੇ ਵਿੱਚ ਰੱਖੀਆਂ ਹੋਈਆਂ ਹਨ। ਇਸ ਕਾਰਨ ਇਹ ਨੌਜਵਾਨ ਨੌਕਰੀਆਂ ਲਈ ਅਰਜ਼ੀਆਂ ਭੇਜਣ ਤੋਂ ਵੀ ਵਾਂਝੇ ਰਹਿ ਗਏ ਹਨ। ਇਸ ਮੌਕੇ ‘ਆਪ’ ਦੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਦਿਹਾਤੀ ਪ੍ਰਧਾਨ ਹਰਵੰਤ ਸਿੰਘ ਆਦਿ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਤੁਰੰਤ ਜਾਰੀ ਕਰੇ।
ਜਲੰਧਰ (ਪਾਲ ਸਿੰਘ ਨੌਲੀ): ਆਮ ਆਦਮੀ ਪਾਰਟੀ ਨੇ ਅੱਜ ਸਕਾਲਰਸ਼ਿਪ ਵਿੱਚ ਹੋਏ ਘੁਟਾਲੇ ਵਿਰੁੱਧ ਸੱਤ ਦਿਨਾਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ‘ਆਪ’ ਦੇ ਵਰਕਰ ਡੀਸੀ ਦਫਤਰ ਸਾਹਮਣੇ ਪੁੱਡਾ ਕੰਪਲੈਕਸ ’ਚ ਭੁੱਖ ਹੜਤਾਲ ’ਤੇ ਬੈਠ ਗਏ ਹਨ। ਜ਼ਿਲ੍ਹਾ ਇੰਚਾਰਜ ਐੱਸਸੀ ਵਿੰਗ ਜਲਾਲਪੁਰੀ ਅਤੇ ਉਪ ਪ੍ਰਧਾਨ ਬਲਵੰਤ ਭਾਟੀਆ ਨੇ ਕਿਹਾ ਇਹ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤਕ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰ ਅਤੇ ਡਿਗਰੀਆਂ ਨਹੀਂ ਮਿਲਦੀਆਂ। ਆਪ ਦੇ ਐੱਸਸੀ ਵਿੰਗ ਪੰਜਾਬ ਦੇ ਉਪ ਪ੍ਰਧਾਨ ਡਾਕਟਰ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਰੋਲ ਨੰਬਰ ਨਾ ਮਿਲਣ ਕਰਕੇ ਬੱਚਿਆਂ ਦਾ ਵਿਦਿਅਕ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਬਲਵੰਤ ਭਾਟੀਆ ਨੇ ਕਿਹਾ ਕਿ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਦਲਿਤ ਸਮਾਜ ਮੌਜੂਦਾ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਵੇਗਾ। ਇਸ ਮੌਕੇ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਦੋਆਬਾ ਪ੍ਰਧਾਨ ਹਰਮਿੰਦਰ ਬਖਸ਼ੀ ਆਦਿ ਮੌਜੂਦ ਸਨ।
ਪਠਾਨਕੋਟ (ਐਨਪੀ ਧਵਨ): ਪੰਜਾਬ ਵਿੱਚ ਵਾਪਰੇ 63.91 ਕਰੋੜ ਰੁਪਏ ਦੇ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘੁਟਾਲੇ ਦੇ ਕਥਿਤ ਦੋਸ਼ੀਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਲਈ ਵਿਧਾਨ ਸਭਾ ਹਲਕਾ ਭੋਆ ਦੇ ਇੰਚਾਰਜ ਲਾਲਚੰਦ ਕਟਾਰੂਚੱਕ ਅਤੇ ਜ਼ਿਲ੍ਹਾ ਪ੍ਰਧਾਨ ਸੁਨੀਲ ਗੁਪਤਾ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਹਫਤਾ ਭਰ ਲਈ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ ਜ਼ਿਲ੍ਹਾ ਆਗੂ ਹਰਜੀਤ ਕੁਮਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭੁੱਖ ਹੜਤਾਲ ਤੇ ਬੈਠਾ ਜਦ ਕਿ ਬਾਕੀ ਆਗੂਆਂ ਨੇ ਧਰਨਾ ਦਿੱਤਾ।
ਧਰਨੇ ਨੂੰ ਸੂਬਾ ਜੁਆਇੰਟ ਸਕੱਤਰ ਰਮੇਸ਼ ਟੋਲਾ, ਠੇਕੇਦਾਰ ਅਮਰਜੀਤ ਸਿੰਘ, ਸਟੇਟ ਉਪ-ਪ੍ਰਧਾਨ ਮਨੋਹਰ ਸਿੰਘ, ਜਨਰਲ ਸਕੱਤਰ ਮੋਹਨ ਲਾਲ, ਵਿਮੈਨ ਵਿੰਗ ਦੀ ਆਗੂ ਟੀਨਾ ਚੌਧਰੀ, ਬਾਬਾ ਬਿਸ਼ਨ ਦਾਸ, ਡਾ. ਅਨਿਲ ਭਾਰਦਵਾਜ, ਸੁਭਾਸ਼ ਵਰਮਾ, ਰਾਕੇਸ਼ ਸਿੰਘ, ਪਿੰਸੀਪਲ ਜਨਕ ਆਦਿ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਆਮ ਆਦਮੀ ਪਾਰਟੀ ਵੱਲੋਂ ਸੂਬੇ ਅੰਦਰ ਕਰੋੜਾਂ ਰੁਪਏ ਦੇ ਪੋਸਟ ਮੈਟ੍ਰਿਕ ਵਜ਼ੀਫਾ ਘੁਟਾਲੇ ਖਿਲਾਫ਼ ਅੱਜ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਨੂ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਵਿੱਚ ਪਾਰਟੀ ਆਗੂ ਰਮਨਜੀਤ ਸਿੰਘ ਉਸਮਾਂ, ਗੁਰਸੇਵਕ ਸਿੰਘ ਔਲਖ, ਦਿਲਬਾਗ ਸਿੰਘ ਸਰਪੰਚ, ਰਜਿੰਦਰ ਸਿੰਘ ਉਸਮਾਂ, ਹਰਪ੍ਰੀਤ ਸਿੰਘ ਧੁੰਨਾ, ਅਵਤਾਰ ਸਿੰਘ ਫੌਜੀ, ਨਿਰਮਲ ਸਿੰਘ ਹੰਸਵਾਲਾ, ਰਣਜੀਤ ਸਿੰਘ ਰਸੂਲਪੁਰਾ, ਰੇਸ਼ਮ ਸਿੰਘ ਸੁਰਸਿੰਘ ਅਤੇ ਲਖਬੀਰ ਸਿੰਘ ਮਾਨੋਚਾਹਲ ਆਦਿ ਸ਼ਾਮਲ ਹੋਏ| ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਅਤੇ ਸੂਬਾ ਸੰਯੁਕਤ ਸਕੱਤਰ ਬਲਜੀਤ ਸਿੰਘ ਖਹਿਰਾ ਨੇ ਵੀ ਸੰਬੋਧਨ ਕੀਤਾ।
ਦੂਲੋ ਨੇ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਵਿੱਚ ਹੋਏ ਘੁਟਾਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਛੋਟੀ ਮੱਛੀ ਹੈ, ਇਹ ਘੁਟਾਲਾ ਤਾਂ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਦਬਾਇਆ ਜਾ ਰਿਹਾ ਹੈ। ਉਹ ਅੱਜ ਇੱਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਦੇ ਫੰਡ ਨਾ ਆਉਣ ਕਾਰਨ ਰੋਸ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਆਏ ਹੋਏ ਸਨ। ਸ੍ਰੀ ਦੂਲੋ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਤਿੱਖਾ ਕਟਾਖਸ਼ ਕੱਸਦਿਆਂ ਕਿਹਾ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਦੂਜੇ ਪਾਸੇ ਗਰੀਬ ਬੱਚਿਆਂ ਨੂੰ ਪੜ੍ਹਨ ਦੇ ਹੱਕ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਇਸ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਸ ਮੌਕੇ ਵਿਦਿਆਰਥੀਆਂ ਨੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਉਨ੍ਹਾਂ ਦੀ ਹਾਜ਼ਰੀ ਵਿੱਚ ਲਗਾਏ।