ਗੁਰਬਖਸ਼ਪੁਰੀ
ਤਰਨ ਤਾਰਨ, 7 ਅਪਰੈਲ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕੀਤੇ ਜਾਣ ਦੀ ਪ੍ਰਕਿਰਿਆ ਵਿਭਾਗ ਵੱਲੋਂ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ| ਇਹ ਜਾਣਕਾਰੀ ਵਿਭਾਗ ਦੇ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਦਿੱਤੀ ਗਈ| ਉਹ ਇੱਥੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ| ਸ੍ਰੀ ਧਾਲੀਵਾਲ ਨੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਠੀਕ ਕੰਮ ਨਾ ਕਰਨ ਅਤੇ ਗਲਤੀਆਂ ਕਰਨ ਵਾਲਿਆਂ ਖਿਲਾਫ਼ ਸਖ਼ਤ ਹੋਵੇਗੀ| ਇਸ ਮੌਕੇ ਉਨ੍ਹਾਂ ਮੰਨਿਆ ਕਿ ਵਿਭਾਗ ਵਿੱਚ ਮਗਨਰੇਗਾ ਦੇ ਫੰਡਾਂ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਪੜਤਾਲ ਕਰਵਾਈ ਜਾ ਰਹੀ ਹੈ| ਉਨ੍ਹਾਂ 300 ਯੂਨਿਟ ਮੁਫ਼ਤ ਬਿਜਲੀ ਬਾਰੇ ਕਿਹਾ ਕਿ ਇਹ ਸਹੂਲਤ ਵੀ ਦਿੱਤੀ ਜਾਵੇਗੀ| ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਡਾ. ਕਸ਼ਮੀਰ ਸਿੰਘ ਸੋਹਲ, ਸਰਵਣ ਸਿੰਘ ਧੁੰਨ, ਮਨਜਿੰਦਰ ਸਿੰਘ ਲਾਲਪੁਰਾ (ਵਿਧਾਇਕ) ਤੋਂ ਇਲਾਵਾ ਅਧਿਕਾਰੀ ਵੀ ਹਾਜ਼ਰ ਹੋਏ| ਦੋ ਮੰਤਰੀਆਂ ਦੀ ਆਮਦ ਸਬੰਧੀ ਲੋਕ ਸੰਪਰਕ ਵਿਭਾਗ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵਿੱਚ ਪੱਖਪਾਤੀ ਵਤੀਰਾ ਧਾਰਨ ਕੀਤਾ ਗਿਆ ਸੀ|