ਪੱਤਰ ਪ੍ਰੇਰਕ
ਤਰਨ ਤਾਰਨ, 14 ਦਸੰਬਰ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੇ ਅੱਜ ਅੱਠਵੇਂ ਦਿਨ ਰੋਡਵੇਜ਼ ਡਿੱਪੂ ਦੇ ਸਮੁੱਚੇ ਕੰਡਕਟਰਾਂ-ਡਰਾਈਵਰਾਂ ਸਮੇਤ ਹੋਰ ਮੁਲਾਜ਼ਮਾਂ ਵਲੋਂ ਰੋਹ ਭਰਪੂਰ ਧਰਨਾ ਦਿੱਤਾ ਗਿਆ| ਮੁਲਾਜ਼ਮਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀ ਮੁੱਖ ਮੰਗ ਨੂੰ ਅਣਗੌਲਿਆਂ ਕਰਨ ’ਤੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਬਿਨਾਂ ਦੇਰੀ ਦੇ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਕਰਨ ਤੇ ਜਥੇਬੰਦੀ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਵੇਗੀ| ਰੋਡਵੇਜ਼ ਦੇ ਤਰਨ ਤਾਰਨ ਡਿੱਪੂ ਵਿੱਚ ਪਨਬੱਸ ਸਕੀਮ ਅਧੀਨ ਕੁੱਲ 53 ਬੱਸਾਂ ਹਨ, ਜਿਨ੍ਹਾਂ ਸਾਰੀਆਂ ਦੇ ਬੰਦ ਹੋਣ ਕਰਕੇ ਲੰਬੀ ਦੂਰੀ ਦੇ ਮੁਸਾਫਿਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਮੌਕੇ ਜਥੇਬੰਦੀ ਦੇ ਡਿੱਪੂ ਪ੍ਰਧਾਨ ਸਤਨਾਮ ਸਿੰਘ ਤੁੜ, ਅਵਤਾਰ ਸਿੰਘ, ਨਿਰਭੈ ਸਿੰਘ, ਗੁਲਵਿੰਦਰ ਸਿੰਘ, ਬਾਵਾ ਸਿੰਘ, ਬਲਜੀਤ ਸਿੰਘ ਨੇ ਸੰਬੋਧਨ ਕੀਤਾ| ਇਸ ਮੌਕੇ ਉਨ੍ਹਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ।