ਅਸ਼ੋਕ ਸ਼ਰਮਾ
ਅਜਨਾਲਾ, 17 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਵਿਚ ਚੇਤਨੰਤਾ ਪੈਦਾ ਕਰਨ ਲਈ ਪਿੰਡਾਂ ਵਿਚ ਮੀਟਿੰਗਾਂ ਤੇ ਮੁਜ਼ਾਹਰੇ ਕਰਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਸਿਲਸਿਲੇ ਤਹਿਤ ਸ਼ਹਿਰ ਨਾਲ ਲਗਦੇ ਪਿੰਡ ਧਾਰੀਵਾਲ ਕਲੇਰ ਵਿਖੇ ਵਿਜੇ ਸ਼ਾਹ ਧਾਰੀਵਾਲ ਦੇ ਯਤਨਾਂ ਸਹਿਤ ਕਰਾਈ ਮੀਟਿੰਗ ਮਗਰੋਂ ਕਿਸਾਨਾਂ ਨੇ ਪਿੰਡ ਵਿਚ ਜਾਗਰੂਕਤਾ ਲਹਿਰ ਪੈਦਾ ਕਰਨ ਲਈ ਰੋਸ ਮੁਜ਼ਾਹਰਾ ਵੀ ਕੀਤਾ। ਕਿਸਾਨਾਂ ਦੀ ਪਿੰਡ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਦਤਾਰ ਸਿੰਘ ਤੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਖੇਤੀ ਵਿਰੋਧੀ ਬਿੱਲ ਲਾਗੂ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੀਆਂ ਜਿਣਸਾਂ ਐਮਐਸਪੀ ਹੁੰਦਿਆਂ ਵੀ ਨਿੱਜੀ ਕੰਪਨੀਆਂ ਆਪਣੇ ਮਨ ਮਰਜ਼ੀ ਦੇ ਭਾਅ ਵਿਚ ਖਰੀਦਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਤਾਂ ਕਿਸਾਨੀ ਤਬਾਹ ਹੋ ਜਾਵੇਗੀ। ਇਸ ਮੌਕੇ ਸੁਰਜਨ ਸਿੰਘ ਕਲੇਰ, ਲੱਖਾ ਸਿੰਘ ਧਾਰੀਵਾਲ, ਤਸਵੀਰ ਸਿੰਘ, ਵਿਜੇ ਸ਼ਾਹ, ਗੁਰਮੇਜ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਡਾ. ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
ਚੇਤਨਪੁਰਾ (ਪੱਤਰ ਪੇ੍ਰਕ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਦਾ ਵਿਸ਼ਾਲ ਇਕੱਠ ਪਿੰਡ ਝੰਜੋਟੀ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਬਚਿੱਤਰ ਸਿੰਘ ਕੋਟਲਾ, ਸੁਖਦੇਵ ਸਿੰਘ ਝੰਜੋਟੀ ਅਤੇ ਗੁਰਜੀਤ ਸਿੰਘ ਕੋਹਾਲੀ ਨੇ ਕੀਤੀ। ਜਿਸ ਦੌਰਾਨ ਕਿਸਾਨਾਂ ਨੇ ਆਪਣਾ ਵਿਰੋਧ ਦਰਜ ਕਰਦਿਆਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਸੰਬੋਧਨ ਦੌਰਾਨ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਵਿਰੁੱਧ ਸੰਘਰਸ਼ ਜਾਰੀ ਰਹੇਗਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਥੇ ਚਲ ਰਹੇ ‘ਪੱਕੇ ਮੋਰਚੇ’ ਦੇ ਅੱਜ 11 ਦਿਨ ਕੀਤੀ ਇਕ ਰੈਲੀ ਦੀ ਅਗਵਾਈ ਜਥੇਬੰਦੀ ਦੇ ਕੁਲਦੀਪ ਸਿੰਘ ਬੰਗਾਲੀਪੁਰ, ਸੁਖਦੇਵ ਸਿੰਘ ਸ਼ਹਾਬਪੁਰ ਤੇ ਗੁਰਬਾਜ਼ ਸਿੰਘ ਰੈਸੀਆਣਾ ਨੇ ਕੀਤੀ| ਰੈਲੀ ਵਿੱਚ ਸ਼ਾਮਲ ਕਿਸਾਨ ਮਰਦ-ਔਰਤ ਵਰਕਰਾਂ ਨੂੰ ਹੋਰਨਾਂ ਤੋਂ ਇਲਾਵਾ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਫਤਿਹ ਸਿੰਘ ਪਿੱਦੀ, ਸਰਮੁੱਖ ਸਿੰਘ ਸ਼ੇਰੋਂ ਹਰਦੇਵ ਸਿੰਘ ਸਾਬਕ ਸਰਪੰਚ, ਮਨਜਿੰਦਰ ਸਿੰਘ ਬਾਗੜੀਆਂ, ਬੂਟਾ ਸਿੰਘ ਸੰਘਾ, ਬਚਿੱਤਰ ਸਿੰਘ ਸ਼ੇਰੋਂ ਨੇ ਸੰਬੋਧਨ ਕੀਤਾ| ਬੁਲਾਰਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਨੀਤੀਆਂ ਦਾ ਸਮਰਥਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਨੂੰ ਇਕ ਗੰਭੀਰ ਮੁੱਦਾ ਕਿਹਾ| ਆਗੂਆਂ ਜਥੇਬੰਦੀ ਵਲੋਂ ਕੇਂਦਰ ਸਰਕਾਰ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੀ ਸਮਾਜ ਦੇ ਸਭਨਾਂ ਵਰਗਾਂ ਨੂੰ ਸਮਰਥਨ ਦੀ ਦੇਣ ਦੀ ਅਪੀਲ ਕੀਤੀ|
ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ
ਜਲੰਧਰ (ਨਿੱਜੀ ਪੱਤਰ ਪੇ੍ਰਕ): ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਕਾਰਜਕਾਰਨੀ ਨੇ ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵੱਲੋਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ-ਖਪਤਕਾਰ ਵਿਰੋਧੀ, ਲੋਕ ਮਾਰੂ ਆਰਡੀਨੈਂਸਾਂ ਅਤੇ ਗਰੀਬ ਮਾਰੂ ਨੀਤੀਆਂ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕਰਦਿਆਂ ਆਉਂਦੀ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰਨ ਦਾ ਨਿਰਣਾ ਲਿਆ ਹੈ। ਸਭਾ ਦੇ ਸੂਬਾਈ ਅਹੁਦੇਦਾਰਾਂ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਅੱਜ ਇਥੋਂ ਜਾਰੀ ਸਾਂਝੇ ਬਿਆਨ ਰਾਹੀਂ ਉਪਰੋਕਤ ਜਾਣਕਾਰੀ ਦਿੱਤੀ। ਕਾਰਜਕਾਰਨੀ ਮੈਂਬਰਾਂ ਨੇ ਕਿਹਾ ਕਿ ਉਕਤ ਆਰਡੀਨੈਂਸ ਜ਼ਖੀਰੇਬਾਜ਼ਾਂ ਨੂੰ ਖੁੱਲ੍ਹ ਖੇਡਣ ਦੀ ਆਗਿਆ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਕਰੋੜਾਂ ਗਰੀਬ ਲੋਕ, ਜਿਨ੍ਹਾਂ ਦਾ ਪਹਿਲਾਂ ਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਕਚੂੰਮਰ ਕੱਢ ਰੱਖਿਆ ਹੈ, ਬੇਲਗਾਮ ਕੀਮਤ ਵਾਧੇ ਦੇ ਨਵੇਂ ਹੱਲੇ ਦੀ ਮਾਰ ਹੇਠ ਆ ਜਾਣਗੇ। ਇਹ ਆਰਡੀਨੈਂਸ ਜਨਤਕ ਵੰਡ ਪ੍ਰਣਾਲੀ ਦੇ ਮੁੱਢੋਂ ਖਾਤਮੇ ਦੇ ਵੀ ਹਥਿਆਰ ਹਨ ਅਤੇ ਅੰਨ ਗਰੰਟੀ ਦੀ ਭਾਵਨਾ ਦੇ ਅਸਲੋਂ ਉਲਟ ਹਨ। ਉਨ੍ਹਾਂ ਸੂਬੇ ਦੇ ਸਭਨਾਂ ਬੇਜ਼ਮੀਨੇ-ਸਾਧਨਹੀਣ ਪੇਂਡੂ ਮਜ਼ਦੂਰਾਂ ਨੂੰ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਭਰਨ ਦੀ ਅਪੀਲ ਕਰਦਿਆਂ ਸਭਾ ਦੀਆਂ ਹੇਠਲੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਬੰਦ ਦੀ ਕਾਮਯਾਬੀ ਲਈ ਕੋਈ ਕਸਰ ਬਾਕੀ ਨਾ ਛੱਡਣ।
ਜਨਤਕ ਜਥੇਬੰਦੀਆਂ ਦੇ ਮੋਰਚੇ ਦੀ ਮੀਟਿੰਗ
ਤਰਨ ਤਾਰਨ (ਪੱਤਰ ਪੇ੍ਰਕ): ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ (ਜੇਪੀਐਮਓ) ਦੀ ਜਿਲ੍ਹਾ ਕਮੇਟੀ ਦੀ ਅੱਜ ਇਥੇ ਕੀਤੀ ਇਕ ਮੀਟਿੰਗ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ 25 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਰਗਰਮੀਆਂ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ| ਮੀਟਿੰਗ ਦੀ ਅਗਵਾਈ ਧਰਮ ਸਿੰਘ ਪੱਟੀ ਨੇ ਕੀਤੀ।