ਜਤਿੰਦਰ ਬੈਂਸ
ਗੁਰਦਾਸਪੁਰ, 21 ਸਤੰਬਰ
ਰੇਤਾਂ ਤੇ ਬਜ਼ਰੀ ਸੱਸਤੇ ਭਾਅ ਮੁਹੱਈਆ ਕਰਵਾਉਣ ਸਣੇ ਹੋਰਾਂ ਮੰਗਾਂ ਨੂੰ ਲੈ ਕੇ ਉਸਾਰੀ ਨਾਲ ਸਬੰਧਤ ਕਿਰਤੀਆਂ, ਰੇਤਾ ਬਜ਼ਰੀ ਵਿਕਰੇਤਾ, ਟਿੱਪਰ ਗੱਡੀਆਂ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਥਾਨਕ ਨਹਿਰੂ ਪਾਰਕ ਵਿੱਚ ਰੈਲੀ ਕਰਕੇ ਰੋਸ ਪ੍ਰਗਟਾਇਆ ਗਿਆ। ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਗੁਰਮੀਤ ਰਾਜ ਪਾਹੜਾ, ਜੋਗਿੰਦਰ ਪਾਲ ਘੁਰਾਲਾ, ਅਕਸ਼ੈ ਕੁਮਾਰ ਅਤੇ ਵਿਸ਼ਾਲ ਨੇ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਰੇਤਾ ਬਜਰੀ ਅਤੇ ਹੋਰ ਉਸਾਰੀ ਸਮੱਗਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਉਸਾਰੀ ਖੇਤਰ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰ ਵਿਹਲੇ ਹੋ ਗਏ ਹਨ। ਕੰਮ ਨਾ ਮਿਲਣ ਕਰਕੇ ਕਿਰਤੀ ਲੋਕ ਮਾਨਸਿਕ ਰੋਗੀ ਹੋ ਰਹੇ ਹਨ। ਅਮਰਜੀਤ ਸ਼ਾਸਤਰੀ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਸਰਕਾਰ ਨੂੰ ਰੇਤ ਮਾਫ਼ੀਆ ਨੂੰ ਨਕੇਲ ਪਾਉਣ ਅਤੇ ਲੋਕਾਂ ਨੂੰ ਸਸਤੇ ਭਾਅ ਉਸਾਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਰੇਤਾ ਬਜਰੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਵੇ ਅਤੇ ਸਸਤੇ ਭਾਅ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।