ਦਵਿੰਦਰ ਸਿੰਘ ਭੰਗੂ
ਰਈਆ, 12 ਮਾਰਚ
ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਪਬਲਿਕ ਸਕੂਲ ਰਈਆ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੀ ਸਾਲਾਨਾ ਫੀਸ, ਮਹੀਨੇਵਾਰ ਫੀਸ, ਬੱਸ ਕਿਰਾਇਆ ਅਤੇ ਕਿਤਾਬਾਂ ਦੇ ਮੁੱਲ ਵਿਚ ਵਾਧਾ ਕਰਨ ’ਤੇ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਗਰਾਊਂਡ ਵਿਚ ਧਰਨਾ ਲਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਸਕੂਲ ਵਿਚ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਬੱਚਿਆ ਦਾ ਨਵਾਂ ਦਾਖ਼ਲਾ ਲੈਣ ਅਤੇ ਪੁਰਾਣੇ ਬੱਚਿਆਂ ਨੂੰ ਨਵੀਂ ਕਲਾਸ ਵਿਚ ਦਾਖ਼ਲ ਕਰਵਾਉਣ ਲਈ ਆਏ ਸਨ। ਇਸ ਵਕਤ ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਅਚਾਨਕ ਸਕੂਲ ਫੀਸਾਂ ਵਿਚ ਭਾਰੀ ਵਾਧਾ ਕੀਤੇ ਜਾਣ ਸਬੰਧੀ ਪਤਾ ਲੱਗਿਆ ਤਾਂ ਉਹ ਸਕੂਲ ਗਰਾਊਂਡ ਵਿਚ ਵੱਡਾ ਇਕੱਠ ਕਰ ਲਿਆ। ਉਨ੍ਹਾਂ ਸਕੂਲ ਪ੍ਰਬੰਧਕਾਂ ਵਿਰੁੱਧ ਫ਼ੀਸਾਂ ਦਾ ਵਾਧਾ ਵਾਪਸ ਲੈਣ ਸਬੰਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਕੂਲ ਸਟਾਫ਼ ਨੇ ਧਰਨਾਕਾਰੀ ਮਾਪਿਆਂ ਨੂੰ ਕਿਹਾ ਜੇ ਸਕਲ ਦੀਆਂ ਫੀਸਾਂ ਜ਼ਿਆਦਾ ਲੱਗ ਰਹੀਆਂ ਹਨ ਤਾਂ ਉਹ ਆਪਣੇ ਬੱਚੇ ਹੋਰਨਾਂ ਸਕੂਲਾਂ ਵਿੱਚ ਤਬਦੀਲ ਕਰ ਲੈਣ।
ਇਸ ਮੌਕੇ ਸ਼ੇਰ ਸਿੰਘ ਜਵੰਦਪੁਰ, ਹਰਪਾਲ ਸਿੰਘ ਚੀਮਾ ਬਾਠ, ਮਨਦੀਪ ਕੌਰ ਚੀਮਾ ਬਾਠ, ਮਲਕੀਤ ਕੌਰ ਜਲੂ ਵਾਲ ਸਣੇ ਵੱਡੀ ਗਿਣਤੀ ਮਾਪਿਆਂ ਨੇ ਦੱਸਿਆ ਕਿ ਹਰ ਕਲਾਸ ਦੀ ਵਿਚ 4000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਫੀਸਾਂ ’ਚ ਵਾਧਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਕੰਗ ਪੁੱਜੇ ਹੋਏ ਸਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਤਰਫ਼ੋਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਰਿਪਬਲਿਕ ਪਾਰਟੀ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਨੇ ਕਿਹਾ ਕੇ ਫ਼ੀਸਾਂ ਵਿਚ ਵਾਧੇ ਤੋਂ ਇਲਾਵਾ ਕਾਨੂੰਨ ਮੁਤਾਬਿਕ 25 ਫ਼ੀਸਦੀ ਕੋਟਾ ਬੇਸਹਾਰਾ, ਅੰਗਹੀਣਾਂ ਲਈ ਲਾਜ਼ਮੀ ਹੈ ਪਰ ਇਸ ਸਕੂਲ ਵਿਚ ਅਜਿਹਾ ਨਹੀਂ ਹੋ ਰਿਹਾ।
ਪੁਲੀਸ ਪ੍ਰਸ਼ਾਸਨ ਵੱਲੋਂ ਪੁਲੀਸ ਥਾਣਾ ਬਿਆਸ ਦੇ ਮੁਖੀ ਪ੍ਰਮੋਦ ਕੁਮਾਰ ਦੀ ਹਾਜ਼ਰੀ ਵਿਚ ਸਕੂਲ ਪ੍ਰਿੰਸੀਪਲ ਕਵਿਤਾ ਚਾਹਲ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰ ਕੇ 17 ਮਾਰਚ ਤੱਕ ਫ਼ੀਸਾਂ ਵਿਚ ਕੀਤਾ ਵਾਧਾ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨਗੇ।