ਪੱਤਰ ਪ੍ਰੇਰਕ
ਭਗਤਾ ਭਾਈ, 10 ਮਈ
ਪਿੰਡ ਜਲਾਲ ਵਿੱਚ ਇਕ ਵਿਅਕਤੀ ਆਪਣੀ ਜਗ੍ਹਾ ਦੀ ਮਿਣਤੀ ਦੇ ਵਿਵਾਦ ਨੂੰ ਲੈ ਕੇ ਅੱਤ ਦੀ ਪੈ ਰਹੀ ਗਰਮੀ ਵਿੱਚ ਬੀਤੇ ਦਿਨ ਤੋਂ ਪਿੰਡ ਦੇ ਜਲ ਘਰ ਦੀ ਟੈਕੀ ’ਤੇ ਚੜਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਭੋਲਾ ਸਿੰਘ ਵਾਸੀ ਜਲਾਲ ਦੇ ਪਲਾਟ ਦਾ ਵਿਵਾਦ ਚੱਲ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਬੀਤੇ ਦਿਨ ਇਸ ਦੀ ਮਿਣਤੀ ਕਰਨ ਲਈ ਆਏ ਸਨ। ਇਸ ਦੌਰਾਨ ਕਥਿਤ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਰੋਸ ਵਜੋਂ ਭੋਲਾ ਸਿੰਘ ਪਿੰਡ ਦੇ ਜਲ ਘਰ ਦੀ ਟੈਂਕੀ ’ਤੇ ਚੜ ਗਿਆ ਤੇ ਟੈਂਕੀ ਹੇਠਾਂ ਉਸ ਦੇ ਸਮਰਥਕਾਂ ਨੇ ਧਰਨਾ ਲਗਾ ਦਿੱਤਾ। ਭੋਲਾ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸੱਤਾਧਾਰੀ ਧਿਰ ਦੀ ਕਥਿਤ ਸ਼ਹਿ ’ਤੇ ਪ੍ਰਸ਼ਾਸਨ ਉਸ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਇਸ ਮੌਕੇ ‘ਆਪ’ ਹਲਕਾ ਰਾਮਪੁਰਾ ਫੂਲ ਦੇ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਦੋਸ਼ ਲਗਾਇਆ ਕਿ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਕਥਿਤ ਸ਼ਹਿ ’ਤੇ ਹੀ ਭੋਲਾ ਸਿੰਘ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਮਿਣਤੀ ਕਰਨ ਲਈ ਉਤਾਵਲਾ ਹੈ। ਦੂਜੇ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਵੀ ਭੰਗ ਹਨ। ਉਨ੍ਹਾਂ ਕਿਹਾ ਕਿ ਵਿਵਾਦ ਵਾਲੇ ਪਲਾਟ ਨਾਲ ਪੰਚਾਇਤ ਦੀ ਥਾਂ ਹੈ, ਜਿਸ ਕਰਕੇ ਨਵੀਂ ਪੰਚਾਇਤ ਚੁਣੇ ਜਾਣ ਤੋਂ ਪਹਿਲਾਂ ਮਿਣਤੀ ਕਰਨੀ ਸ਼ਰੇਆਮ ਧੱਕੇਸ਼ਾਹੀ ਹੈ। ਖ਼ਬਰ ਲਿਖੇ ਜਾਣ ਤੱਕ ਭੋਲਾ ਸਿੰਘ ਆਪਣੀ ਮੰਗ ਨੂੰ ਲੈ ਕੇ ਟੈਂਕੀ ’ਤੇ ਡਟਿਆ ਹੋਇਆ ਸੀ। ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।