ਪੱਤਰ ਪ੍ਰੇਰਕ
ਪੱਟੀ, 25 ਅਪਰੈਲ
ਅਕਾਲੀ ਅਤੇ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਵੱਖ ਵੱਖ ਦੋਸ਼ਾਂ ਤਹਿਤ ਬਲੈਕ ਲਿਸਟ ਕਰਕੇ ਨੌਕਰੀ ਤੋਂ ਫ਼ਾਰਗ ਕੀਤੇ ਗਏ ਪਨਬਸ ਤੇ ਪੀਆਰਟੀਸੀ ਦੇ 27 ਡfਪੂ ਦੇ 400 ਦੇ ਕਰੀਬ ਕਾਮਿਆਂ ਵੱਲੋਂ ਆਪਣੀ ਬਹਾਲੀ ਨੂੰ ਲੈ ਕਿ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸ਼ਹਿਰ ਪੱਟੀ ਦੇ ਲਾਹੌਰ ਚੌਕ ’ਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀ ਕਾਮਿਆਂ ਨੇ ਕਿਹਾ ਕਿ ‘ਆਪ’ ਵੱਲੋਂ ਚੋਣਾਂ ਮੌਕੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਬਿਨਾਂ ਸ਼ਰਤ ਫ਼ਾਰਗ ਕੀਤੇ ਕਾਮਿਆਂ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਆਪ ਦੀ ਸਰਕਾਰ ਬਣਨ ’ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਪੱਟੀ ਕਰਨਪਾਲ ਸਿੰਘ ਰਿਆੜ ਵੱਲੋਂ ਧਰਨਾਕਾਰੀਆਂ ਦੀ ਟਰਾਂਸਪੋਰਟ ਮੰਤਰੀ ਨਾਲ 26 ਅਪਰੈਲ ਨੂੰ ਚੰਡੀਗੜ੍ਹ ਅਤੇ 9 ਮਈ ਨੂੰ ਪੱਟੀ ਵਿੱਚ ਮੀਟਿੰਗ ਕਰਵਾਉਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਬਲੈਕ ਲਿਸਟ ਕੀਤੇ ਗਏ ਕੰਟਰੈਕਟ ਵਰਕਰਾਂ ਦੇ ਆਗੂ ਸੁਖਵਿੰਦਰ ਸਿੰਘ, ਸੁਖਰਾਜ ਸਿੰਘ, ਸ਼ਮਸ਼ੇਰ ਸਿੰਘ ਆਦਿ ਮੌਜੂਦ ਸਨ।
ਇਸ ਸਬੰਧੀ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ 400 ਰੁਪਏ ਅਤੇ 9 ਲਿਟਰ ਡੀਜ਼ਲ ਤੋਂ ਵੱਧ ਤੇਲ ਚੋਰੀ ਤੋਂ ਇਲਾਵਾ 3 ਵਾਰ ਤੋਂ ਵੱਧ ਚੋਰੀ ਕਰਨ ਹੇਠ ਅਕਾਲੀ ਤੇ ਕਾਂਗਰਸ ਸਰਕਾਰਾਂ ਸਮੇਂ ਬਲੈਕ ਲਿਸਟ ਕਰਕੇ ਨੌਕਰੀ ਤੋਂ ਪੱਕੇ ਤੌਰ ’ਤੇ ਫ਼ਾਰਗ ਕੀਤਾ ਗਿਆ ਸੀ। ਮੰਤਰੀ ਨੇ ਕਿਹਾ ਕਿ ਜਿਹੜੇ ਵਰਕਰ 400 ਰੁਪਏ ਅਤੇ 9 ਲਿਟਰ ਡੀਜ਼ਲ ਤੋਂ ਘੱਟ ਚੋਰੀ ਕਰਕੇ ਫ਼ਾਰਗ ਕੀਤੇ ਗਏ ਹਨ ਉਨ੍ਹਾਂ ਨੂੰ ਵਿਭਾਗ ਵੱਲੋਂ ਬਹਾਲ ਕਰਨ ਲਈ ਵਿਚਾਰ ਕੀਤਾ ਜਾਵੇਗਾ।