ਐੱਨਪੀ ਧਵਨ
ਪਠਾਨਕੋਟ, 8 ਜਨਵਰੀ
ਜਾਇੰਟ ਐਕਸ਼ਨ ਜ਼ਿਲ੍ਹਾ ਨਰਸਿੰਗ ਕਮੇਟੀ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਛੇਵੇਂ ਤਨਖਾਹ ਕਮਿਸ਼ਨ ਖਿਲਾਫ ਵਿਰੋਧ ਵੀ ਪ੍ਰਗਟ ਕੀਤਾ। ਜ਼ਿਲ੍ਹਾ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਧਰਮਿੰਦਰ ਕੌਰ, ਉਪ-ਪ੍ਰਧਾਨ ਬਲਜਿੰਦਰ ਕੌਰ, ਮੈਡਮ ਸ਼ਿਵਾਨੀ, ਜਨਰਲ ਸਕੱਤਰ ਨਵਜੋਤ ਕੌਰ ਆਦਿ ਨੇ ਕਿਹਾ ਕਿ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦੇ ਇਲਾਵਾ 108 ਨੰਬਰ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਮੰਗਾਂ ਨੂੰ ਲੈ ਕੇ ਦੂਸਰੇ ਦਿਨ ਹੜਤਾਲ ਕੀਤੀ।
108 ਨੰਬਰ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰਜੀਤ ਕੁਮਾਰ, ਰੋਹਿਤ, ਜੋਬਨਪ੍ਰੀਤ ਸਿੰਘ, ਹਰਕੰਵਲ ਸਿੰਘ ਅਤੇ ਪਰਮਿੰਦਰ ਨੇ ਕਿਹਾ ਕਿ 108 ਨੰਬਰ ਐਂਬੂਲੈਂਸ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੋਜ਼ਾਨਾ 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਕਰਵਾ ਕੇ 9 ਹਜ਼ਾਰ ਤੋਂ 9500 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਪਿਛਲੇ 10 ਸਾਲਾਂ ਤੋਂ ਓਵਰ ਟਾਈਮ ਅਤੇ ਤਨਖਾਹ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਹਫ਼ਤੇ ਬਾਅਦ ਕੋਈ ਸਰਕਾਰੀ ਛੁੱਟੀ ਨਹੀਂ ਦਿੱਤੀ ਜਾਂਦੀ। ਜੇਕਰ ਉਹ ਆਪਣੀ ਹਫਤੇ ਦੀ ਛੁੱਟੀ ਮੰਗਦੇ ਹਨ ਤਾਂ ਬਿਨਾ ਕਿਸੇ ਗਲਤੀ ਤੋਂ ਨੌਕਰੀ ਤੋਂ ਜੁਆਬ ਦੇ ਦਿੱਤਾ ਜਾਂਦਾ ਹੈ ਜਾਂ ਫਿਰ 200-250 ਕਿਲੋਮੀਟਰ ਦੂਰ ਬਦਲੀ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਦਾ ਸੋਸ਼ਨ ਕੀਤਾ ਜਾ ਰਿਹਾ ਹੈ।