ਗੁਰਬਖਸ਼ਪੁਰੀ
ਤਰਨ ਤਾਰਨ, 3 ਮਈ
ਜ਼ਿਲ੍ਹਾ ਪੁਲੀਸ ਨੇ ਕੋਈ 10 ਦਿਨ ਪਹਿਲਾਂ ਤਰਨ ਤਾਰਨ ਸ਼ਹਿਰ ਵਿੱਚ ਹੋਏ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ|
ਇਸ ਘਟਨਾ ਵਿੱਚ ਇੱਕ ਐੱਨਆਰਆਈ (ਕੈਨੇਡੀਅਨ ਨਾਗਰਿਕ) ਜਤਿੰਦਰਪਾਲ ਸਿੰਘ (25) ਵਾਸੀ ਸੋਹਾਵਾ–ਸਰਹਾਲੀ ਨੂੰ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਤਰਨ ਤਾਰਨ ਦੇ ਸ਼ਹਿਰ ਦੇ ਚੌਕ ਚਾਰ ਖੰਭਾ ਨੇੜੇ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਆਪਣੇ ਤਿੰਨ ਦੋਸਤਾਂ ਨਾਲ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਸੀ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302, 34 ਫੌਜਦਾਰੀ, 25, 27, 54, 59 ਅਸਲਾ ਐਕਟ ਅਧੀਨ ਇਕ ਕੇਸ ਪਹਿਲਾਂ ਦਾ ਹੀ ਦਰਜ ਕੀਤਾ ਹੋਇਆ ਹੈ| ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਕਤਲ ਦੀ ਗੁੱਥੀ ਸੁਲਝਾ ਲੈਣ ਦੀ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹੱਤਿਆ ਲਈ ਜਿੰਮੇਵਾਰ ਤਰਨ ਤਾਰਨ ਵਾਸੀ ਮਨਜਿੰਦਰ ਸਿੰਘ ਮੰਨੀ ਅਤੇ ਲਖਵਿੰਦਰ ਕੌਰ ਨਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਕ ਫ਼ਰਾਰ ਮੁਲਜ਼ਮ ਗੁਰਭੇਜ ਸਿੰਘ ਉਰਫ ਬਾਬਾ ਵਾਸੀ ਚੁਤਾਲਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ| ਐੱਸਐੱਸਪੀ ਨੇ ਦੱਸਿਆ ਇਸ ਘਟਨਾ ਵਾਲੀ 23 ਅਪਰੈਲ ਦੀ ਅੱਧੀ ਰਾਤ ਦੇ ਕਰੀਬ ਜਤਿੰਦਰਪਾਲ ਸਿੰਘ ਨੇ ਲਖਵਿੰਦਰ ਕੌਰ ਦੇ ਮੋਬਾਇਲ ਉੱਤੇ ਫੋਨ ਕਰਕੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਤਾਂ ਲਖਵਿੰਦਰ ਨੇ ਫੋਨ ਕੱਟ ਦਿੱਤਾ| ਇਸ ’ਤੇ ਜਤਿੰਦਰਪਾਲ ਸਿੰਘ ਨੇ ਉਸ ਨੂੰ ਫਿਰ ਫੋਨ ਕੀਤਾ ਜਿਸ ਨੇ ਮੋਬਾਇਲ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦੀ ਜਾਣਕਾਰੀ ਆਪਣੇ ਦੋਸਤ ਮਨਜਿੰਦਰ ਸਿੰਘ ਨੂੰ ਦਿੱਤੀ|
ਦੋਹਾਂ ਦਰਮਿਆਨ ਤਰਕਾਰ ਹੋ ਗਿਆ ਅਤੇ ਮ੍ਰਿਤਕ ਜਤਿੰਦਰਪਾਲ ਸਿੰਘ ਨੇ ਮਨਜਿੰਦਰ ਸਿੰਘ ਨੂੰ ਵੰਗਾਰਿਆ ਤਾਂ ਉਹ ਪਲਸਰ ਮੋਟਰਸਾਈਕਲ ਤੇ ਆਪਣੇ ਦੋਸਤ ਗੁਰਭੇਜ ਸਿੰਘ ਨੂੰ ਲੈ ਕੇ ਮੌਕੇ ਉੱਤੇ ਆ ਗਿਆ| ਜਤਿੰਦਰਪਾਲ ਸਿੰਘ ਨੂੰ ਗੋਲੀਆਂ ਮਨਜਿੰਦਰ ਸਿੰਘ ਦੇ ਪਿੱਛੇ ਬੈਠੇ ਗੁਰਭੇਜ ਸਿੰਘ ਨੇ ਮਾਰੀਆਂ ਜਿਸ ਨਾਲ ਉਹ ਹਸਪਤਾਲ ਜਾਂਦਿਆਂ ਦਮ ਤੋੜ ਗਿਆ ਸੀ| ਪੁਲੀਸ ਲਈ ਇਸ ਕੇਸ ਨੂੰ ਹੱਲ ਕਰਨਾ ਚੁਣੌਤੀ ਬਣਿਆ ਹੋਇਆ ਸੀ ਅਤੇ ਵਿਦੇਸ਼ੀ ਨਾਗਰਿਕ ਦੀ ਹੱਤਿਆ ਹੋ ਜਾਣ ਕਾਰਨ ਪੁਲੀਸ ਉਤੇ ਕਾਫੀ ਦਬਾਅ ਸੀ।