ਦਲਬੀਰ ਸੱਖੋਵਾਲੀਆ, ਹਰਪਾਲ ਸਿੰਘ ਨਾਗਰਾ
ਬਟਾਲਾ/ਫਤਿਹਗੜ੍ਹ ਚੂੜੀਆਂ, 9 ਫਰਵਰੀ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕਾ ਫਤਹਿਗੜ੍ਹ ਚੂੜੀਆਂ ’ਚ ਬਟਾਲਾ ਨੇੜੇ ਪੈਂਦੇ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਕਰਾਰੀ ਹਾਰ ਦੇਣ। ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰ ਨੂੰ ਦਿੱਤੀ ਉਨ੍ਹਾਂ ਦੀ ਵੋਟ ਸੁਖਬੀਰ-ਮਜੀਠੀਏ ਦੀ ਜੋੜੀ ਨੂੰ ਤਾਕਤ ਦੇਵੇਗੀ ਜਿਨ੍ਹਾਂ ਦੇ ਰਾਜ ਵਿੱਚ ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਮਾਫੀਆ ਰਾਜ ਪੈਦਾ ਹੋਇਆ। ਸ੍ਰੀ ਬਾਜਵਾ ਨੇ ਪਿੰਡ ਨੰਗਲ, ਧੌਲਪੁਰ, ਅਕਰਪੁਰਾ, ਭਾਗੋਵਾਲ ਅਤੇ ਘਸੀਟਪੁਰਾ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕੀਤਾ ਗਿਆ ਅਤੇ ਸੂਬੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੈਦਾ ਕੀਤਾ ।
ਹਲਕਾ ਫਤਹਿਗੜ੍ਰ ਚੂੜ੍ਹੀਆਂ ਤੋਂ ਕਾਂਗਰਸ ਉਮੀਦਵਾਰ ਬਾਜਵਾ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਜੇ ਅਕਾਲੀ ਦਲ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਸੂਬੇੇ ਵਿੱਚ ਮਾਫੀਆ ਰਾਜ ਪੈਦਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਕਰਾਰੀ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬੀ ’ਚੋਂ ਉੱਠੇ ਇੱਕ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਚੰਨੀ ਨੇ ਸਿਰਫ 111 ਦਿਨਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਉਹ ਕਾਰਜ ਕੀਤੇ ਹਨ ਜਿਹੜੇ ਅਕਾਲੀ 10 ਸਾਲਾਂ ਵਿੱਚ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਸਾਲਾਂ ਵਿੱਚ ਨਹੀਂ ਕੀਤੇ।