ਦਵਿੰਦਰ ਸਿੰਘ ਭੰਗੂ
ਰਈਆ, 3 ਅਕਤੂਬਰ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਦੀ ਪ੍ਰਿੰਸੀਪਲ ਦੇ ਮਾੜੇ ਰਵੱਈਏ ਵਿਰੁੱਧ ਪਿੰਡ ਦੀ ਪੰਚਾਇਤ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਗੇਟ ’ਤੇ ਦੁਬਾਰਾ ਧਰਨਾ ਲਾ ਦਿੱਤਾ ਅਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਇਹ ਧਰਨਾ ਲਗਾਤਾਰ ਤੀਜੀ ਵਾਰ ਲਾਇਆ ਗਿਆ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਸਕੂਲ ਪ੍ਰਿੰਸੀਪਲ ਦੀ ਪ੍ਰਬੰਧਕੀ ਆਧਾਰ ’ਤੇ ਬਦਲੀ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਧੂਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਸਮੇਂ ਬੱਚਿਆਂ ਅਤੇ ਅਧਿਆਪਕਾਂ ਦੀ ਤੁਲਨਾ ਜਾਨਵਰਾਂ ਨਾਲ ਕਰਨ ਸਬੰਧੀ ਮਾਮਲਾ ਸਾਹਮਣੇ ਆਉਣ ਕਾਰਨ ਕਈ ਪਿੰਡਾਂ ਦੀਆਂ ਪੰਚਾਇਤਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਵੱਲੋਂ ਸਕੂਲ ਪ੍ਰਿੰਸੀਪਲ ਵਿਰੁੱਧ ਧਰਨਾ ਦੇ ਕੇ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ 30 ਸਤੰਬਰ ਤੱਕ ਕਾਰਵਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਅੱਜ ਦੁਬਾਰਾ ਸਕੂਲ ਗੇਟ ਅੱਗੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਧਰਨਾ ਦੇ ਕੇ ਪ੍ਰਿੰਸੀਪਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਜਿਸ ਸਬੰਧੀ ਪਤਾ ਲੱਗਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ, ਨੋਡਲ ਅਫ਼ਸਰ ਬਲਾਕ ਰਈਆ 2 ਪ੍ਰਿੰਸੀਪਲ ਰਾਜੀਵ ਕੱਕੜ, ਨੋਡਲ ਅਫ਼ਸਰ ਬਲਾਕ ਰਈਆ 1 ਪ੍ਰਿੰਸੀਪਲ ਨਵਤੇਜ ਕੌਰ ਸਮੇਤ ਹੋਰ ਸਿੱਖਿਆ ਅਧਿਕਾਰੀ ਸਕੂਲ ਵਿੱਚ ਪੁੱਜੇ ਜਿਨ੍ਹਾਂ ਨੇ ਸਕੂਲ ਵਿੱਚ ਪੁੱਜੇ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਵਿਸ਼ਵਾਸ ਦਿੱਤਾ ਕਿ ਇਨਸਾਫ਼ ਕੀਤਾ ਜਾਵੇਗਾ।
ਡੀਪੀਆਈ (ਸੈਸੀ) ਪੰਜਾਬ ਕੁਲਜੀਤ ਪਾਲ ਸਿੰਘ ਮਾਹੀ ਨੇ ਹੁਕਮ ਨੰਬਰ ਈ 393315/2022263188-191 ਮਿਤੀ 3 ਅਕਤੂਬਰ 2022 ਰਾਹੀਂ ਕੰਵਲਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਧੂਲਕਾ ਦੀ ਬਦਲੀ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖ ਕੇ ਸ.ਸ.ਸ.ਸ ਬੱਚੀਵਿੰਡ ਕਰ ਦਿੱਤੀ ਹੈ ਅਤੇ ਇਹ ਹੁਕਮ ਤਤਕਾਲ ਸਮੇਂ ਤੋਂ ਲਾਗੂ ਹੋਣਗੇ ਅਤੇ ਪੰਜਾਬ ਸਰਕਾਰ ਦੀ ਪ੍ਰਵਾਨਗੀ ਨਾਲ ਕੀਤੇ ਗਏ।