ਐਨਪੀ. ਧਵਨ
ਪਠਾਨਕੋਟ, 1 ਮਾਰਚ
ਸ਼ਹਿਰ ਵਿੱਚ ਸੁਰੱਖਿਆ ਲਈ ਬਣਾਏ ਗਏ ਰੇਲਵੇ ਫਾਟਕਾਂ ਦੀ ਅਹਿਮੀਅਤ ਨੂੰ ਦਰਕਿਨਾਰੇ ਕਰਕੇ ਲੋਕ ਪਹਿਲਾਂ ਜਾਣ ਦੇ ਚੱਕਰ ਵਿੱਚ ਫਾਟਕ ਬੰਦ ਹੋਣ ’ਤੇ ਵੀ ਦੁਪਹੀਆ ਵਾਹਨ ਚਾਲਕ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਫਾਟਕ ਨੂੰ ਪਾਰ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਨਾ ਆਪਣੀ ਜਾਨ ਦੀ ਪ੍ਰਵਾਹ ਹੁੰਦੀ ਹੈ ਤੇ ਨਾ ਹੀ ਪੁਲੀਸ ਦਾ ਡਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਲੰਘਣ ਲਈ ਲੋਕਾਂ ਦੀ ਸੁਰੱਖਿਆ ਲਈ ਫਾਟਕ ਬੰਦ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਕੁਝ ਲੋਕ ਬੰਦ ਫਾਟਕ ਦੇ ਥੱਲਿਓਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿੱਚ ਸਾਈਕਲ, ਸਕੂਟਰ ਤੇ ਬਾਈਕ ਸਵਾਰ ਹੀ ਨਹੀਂ ਬਲਕਿ ਪੈਦਲ ਚੱਲਣ ਵਾਲੇ ਬਜ਼ੁਰਗ, ਔਰਤਾਂ ਤੇ ਸਕੂਲੀ ਬੱਚੇ ਵੀ ਸ਼ਾਮਲ ਹਨ। ਜਲਦਬਾਜ਼ੀ ਵਿੱਚ ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਨਾਸਮਝੀ ਉਨ੍ਹਾਂ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ।
ਪਠਾਨਕੋਟ ਸ਼ਹਿਰ ਦੇ ਢਾਂਗੂ ਰੋਡ, ਕਾਲੀ ਮਾਤਾ ਮੰਦਰ, ਪੁਰਾਣੇ ਐੱਸਡੀਐੱਮ ਕੋਰਟ, ਢਾਕੀ ਫਾਟਕ, ਵੇਅਰ ਹਾਊਸ ਗੋਦਾਮ ਵਾਲਾ ਫਾਟਕ ’ਤੇ ਆਏ ਦਿਨ ਇਸ ਪ੍ਰਕਾਰ ਦਾ ਮਾਜਰਾ ਦੇਖਣ ਨੂੰ ਮਿਲਦਾ ਹੈ। ਕਈ ਵਾਰ ਤਾਂ ਰੇਲ ਗੱਡੀ ਫਾਟਕ ਦੇ ਬਿਲਕੁਲ ਨਜ਼ਦੀਕ ਆ ਜਾਣ ’ਤੇ ਵੀ ਉਹ ਫਾਟਕ ਨੂੰ ਪਾਰ ਕਰਨ ਤੋਂ ਪਰਹੇਜ਼ ਨਹੀਂ ਕਰਦੇ। ਰੇਲਵੇ ਨਿਯਮਾਂ ਅਨੁਸਾਰ ਬੰਦ ਫਾਟਕ ਦੇ ਥੱਲੋਂ ਲੰਘਣਾ ਕਾਨੂੰਨੀ ਜੁਰਮ ਹੈ ਤੇ ਅਜਿਹਾ ਕਰਨ ਵਾਲਿਆਂ ’ਤੇ ਰੇਲਵੇ ਐਕਟ ਦੀ ਧਾਰਾ 147 ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ 6 ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨਾ ਹੋ ਸਕਦਾ ਹੈ।