ਧਿਆਨ ਸਿੰਘ ਭਗਤ
ਕਪੂਰਥਲਾ, 20 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਐੱਫਸੀਆਈ ਵੱਲੋਂ ਕਣਕ ਦੀ ਖਰੀਦ ਸਬੰਧੀ ਲਗਾਈਆਂ ਬੇਲੋੜੀਆਂ ਸ਼ਰਤਾਂ ਵਿਰੁੱਧ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਜਾਣ ਵਾਲਾ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਸੁਪਰਡੈਂਟ ਨੂੰ ਦਿੱਤਾ। ਮੰਗ ਪੱਤਰ ਵਿੱਚ ਕਣਕ ਦੀ ਖਰੀਦ ਸਬੰਧੀ ਲਗਾਈਆਂ ਸ਼ਰਤਾਂ ਅਤੇ ਜ਼ਮੀਨ ਦਾ ਰਿਕਾਰਡ ਮੰਗਣ ਦੀ ਸ਼ਰਤ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।
ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਨਵੀਆਂ ਸ਼ਰਤਾਂ ਮੁਤਾਬਕ ਕਣਕ ਦਾ ਟੋਟਾ ਚਾਰ ਫ਼ੀਸਦੀ ਤੋਂ ਘਟਾ ਕੇ ਦੋ ਫ਼ੀਸਦੀ, ਕਣਕ ਦੀ ਨਮੀ 14 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਅਤੇ ਘੱਟਾ ਮਿੱਟੀ 4 ਫ਼ੀਸਦੀ ਤੋਂ ਘਟਾ ਕੇ 0 ਫ਼ੀਸਦੀ ਤਕ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਦਾ ਸੰਯੁਕਤ ਕਿਸਾਨ ਮੋਰਚਾ ਵਿਰੋਧ ਕਰਦਾ ਹੈ। ਐੱਫਸੀਆਈ ਵੱਲੋਂ ਕਣਕ ਦੀ ਖਰੀਦ ਸਬੰਧੀ ਜ਼ਮੀਨ ਦਾ ਰਿਕਾਰਡ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ, ਸੇਵਾ ਸਿੰਘ, ਸ਼ੀਤਲ ਸਿੰਘ, ਸੋਹਣ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨੌਜਵਾਨ ਆਗੂ ਕੁਲਵੰਤ ਸਿੰਘ ਮੱਲੂਨੰਗਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਕਿਸਾਨਾਂ ਕੋਲੋਂ ਜਮ੍ਹਾਂਬੰਦੀਆਂ ਮੰਗਣ ਵਿਰੁੱਧ ਪਿੰਡ ਮੱਲੂਨੰਗਲ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਿੰਡ ਮੱਲੂਨੰਗਲ ਤੋਂ ਕਿਸਾਨਾਂ-ਮਜ਼ਦੂਰਾਂ ਦਾ 17ਵਾਂ ਜਥਾ ਰਵਾਨਾ ਕੀਤਾ ਗਿਆ। ਇਸ ਮੌਕੇ ਬੇਅੰਤ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ, ਦਿਆਲ ਸਿੰਘ, ਗੁਰਭੇਜ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਠਾਨਕੋਟ (ਐੱਨਪੀ ਧਵਨ): ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਦੀਆਂ ਕਿਸਾਨ ਜਥੇਬੰਦੀਆਂ ਨੇ ਐੱਫਸੀਆਈ ਖਰੀਦ ਏਜੰਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਕੇਵਲ ਕਾਲੀਆ, ਬਲਵੰਤ ਘੋਹ, ਮੁਖਤਿਆਰ ਸਿੰਘ, ਬਲਦੇਵ ਰਾਜ, ਰਘਵੀਰ ਸਿੰਘ ਆਦਿ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਕਣਕ ਵੇਚਣ ਵੇਲੇ ਕਿਸਾਨਾਂ ਲਈ ਕਈ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ, ਜੋ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਵਾਲਾ ਮੰਡੀ ਪ੍ਰਬੰਧ ਜਾਰੀ ਰੱਖਿਆ ਜਾਵੇ, ਮੰਡੀ ਵਿੱਚ ਆਈ ਸਾਰੀ ਫ਼ਸਲ ਘਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਜਾਵੇ ਅਤੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ।