ਪੱਤਰ ਪ੍ਰੇਰਕ
ਹੁਸ਼ਿਆਰਪੁਰ/ਤਲਵਾੜਾ, 15 ਮਈ
ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਪਿੰਡ ਤਨੂਲੀ ਦੀ ਜਸਵਿੰਦਰ ਕੌਰ ਨੇ ਸ਼ਿਕਾਇਤ ਕੀਤੀ ਸੀ ਉਸ ਦੇ ਪਤੀ ਸੰਤੋਖ ਰਾਮ ਨੇ ਪਿੰਡ ਵਿਚ 6 ਮਰਲੇ ਜ਼ਮੀਨ ਦੀ ਮਲਕੀਅਤ ਤਬਦੀਲ ਕਰਵਾਈ ਸੀ। ਇਸ ਵਸੀਕੇ ਦਾ ਇੰਤਕਾਲ ਉਸ ਦੇ ਨਾਂ ’ਤੇ ਦਰਜ ਕਰਨ ਲਈ ਹਲਕਾ ਪਟਵਾਰੀ ਰਮੇਸ਼ ਕੁਮਾਰ ਨੇ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ 15 ਹਜ਼ਾਰ ਪਟਵਾਰੀ ਨੂੰ ਦੇ ਦਿੱਤੇ ਤੇ 10 ਹਜ਼ਾਰ ਰੁਪਏ ਬਾਅਦ ਵਿੱਚ ਦੇਣ ਦੀ ਗੱਲ ਤੈਅ ਹੋ ਗਈ। ਸ਼ਿਕਾਇਤਕਰਤਾ ਦੀ ਰਿਸ਼ਤੇਦਾਰ ਆਸ਼ਾ ਰਾਣੀ ਨੇ ਸਰਵਾਈਵਿੰਗ ਸਰਟੀਫ਼ਿਕੇਟ ਲੈਣ ਲਈ ਡੀਸੀ ਕੋਲ ਅਪਲਾਈ ਕੀਤਾ ਸੀ ਜਿਸ ਦੀ ਪੜਤਾਲ ਵੀ ਸਬੰਧਤ ਪਟਵਾਰੀ ਨੇ ਕਰਨੀ ਸੀ। ਡੀਐੱਸਪੀ ਵਿਜੀਲੈਂਸ ਮਨੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।