ਜਤਿੰਦਰ ਬੈਂਸ
ਗੁਰਦਾਸਪੁਰ, 3 ਸਤੰਬਰ
ਪਾਵਰਕੌਮ ਦੀ ਉਪਮੰਡਲ ਦੀਨਾਨਗਰ ਵਿਖੇ ਸ਼ਿਕਾਇਤ ਕੇਂਦਰ ਨੰਬਰ 5 ਦੀ ਜ਼ਮੀਨ ਵੇਚਣ ਦੀ ਕਥਿਤ ਤਜਵੀਜ਼ ਦਾ ਵਿਰੋਧ ਕਰਦੇ ਬਿਜਲੀ ਕਾਮਿਆਂ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਬਿਜਲੀ ਕਾਮਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਪੰਜਾਬ ਰਾਜ ਬਿਜਲੀ ਕਰਮਚਾਰੀ ਦਲ, ਟੈਕਨੀਕਲ ਸਰਵਿਸ ਯੂਨੀਅਨ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ (ਏਟਕ), ਆਈਟੀਆਈ ਐਸੋਸੀਏਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ (ਭੰਗਲ ਗਰੁੱਪ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਅਤੇ ਪਾਵਰਕਾਮ ਗੁਰਦਾਸਪੁਰ ਦੇ ਐੱਸਈ ਨੂੰ ਮੰਗ ਪੱਤਰ ਦੇ ਕੇ ਬਿਜਲੀ ਕਾਮਿਆਂ ਦੇ ਫੈਸਲੇ ਤੋਂ ਜਾਣੂ ਕਰਵਾਇਆ। ਨੁਮਾਇੰਦਿਆਂ ਨੇ ਕਿਹਾ ਕਿ ਜ਼ਮੀਨ ਦੀ ਮਾਰਕੀਟ ਕੀਮਤ 100 ਕਰੋੜ ਰੁਪਏ ਬਣਦੀ ਹੈ। ਜਦਕਿ 2 ਕਰੋੜ ਤੋਂ ਵੀ ਘੱਟ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਆਗੂ ਦਰਬਾਰਾ ਸਿੰਘ ਛੀਨਾ, ਜਤਿੰਦਰ ਸ਼ਰਮਾ, ਸੁਖਵਿੰਦਰ ਸਿੰਘ ਗਿੱਲ, ਵਿਮਲ ਕੁਮਾਰ, ਬਲਵਿੰਦਰ ਸਿੰਘ ਉੱਦੀਪੁਰ ਨੇ ਦੱਸਿਆ ਕਿ ਸਮੂਹ ਜਥੇਬੰਦੀਆਂ ਦੀ ਅਗਲੀ ਮੀਟਿੰਗ 7 ਸਤੰਬਰ ਨੂੰ ਸੱਦੀ ਗਈ ਹੈ।