ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 18 ਅਗਸਤ
ਮਾਝੇ ਅਤੇ ਦੁਆਬੇ ਨੂੰ ਜੋੜਨ ਵਾਲੇ ਕਪੂਰਥਲਾ ਅਟਾਰੀ ਰਾਸ਼ਟਰੀ ਮਾਰਗ ਦੇ ਪ੍ਰਵੇਸ਼ ਦੁਆਰ ਤੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਲੱਗਾ ਪੁਲੀਸ ਨਾਕਾ ਦੂਜੀ ਥਾਂ ਤਬਦੀਲ ਹੋਣ ਕਾਰਨ ਇਤਿਹਾਸਕ ਨਗਰ ਦੀ ਸੁਰੱਖਿਆ ਨੂੰ ਗ੍ਰਹਿਣ ਲੱਗ ਗਿਆ ਹੈ।
ਪੁਲੀਸ ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਇਸ ਪੁਲੀਸ ਨਾਕੇ ਨੂੰ ਕਪੂਰਥਲਾ ਚੌਕ ਤੋਂ ਤਬਦੀਲ ਕਰਕੇ ਬਿਆਸ ਪੁਲ ਨੇੜੇ ਕਰ ਦਿੱਤਾ ਗਿਆ ਹੈ। ਜਿਸ ਸਬੰਧੀ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅਜੀਤ ਸਿੰਘ ਭੱਲਾ,ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਨੇ ਦੱਸਿਆ ਕਿ ਕਪੂਰਥਲਾ ਚੌਕ ਸਥਿਤ ਪੁਲੀਸ ਨਾਕਾ ਜਿੱਥੇ ਇਤਿਹਾਸਕ ਨਗਰ ਦੀ ਸੁਰੱਖਿਆ ਲਈ ਅਤਿ ਜ਼ਰੂਰੀ ਸੀ, ਉੱਥੇ ਹੀ ਮਾਝੇ ਅਤੇ ਦੁਆਬੇ ਨੂੰ ਜੋੜਨ ਵਾਲਾ ਅਹਿਮ ਨਾਕਾ ਸੀ। ਨਾਕਾ ਤਬਦੀਲ ਕਰਨ ਮਗਰੋਂ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਤੇ ਇਸ ਚੌਕ ਵਿੱਚ ਆਵਾਜਾਈ ਵੱਧ ਹੋਣ ਕਾਰਨ ਹਾਦਸਿਆਂ ਦਾ ਡਰ ਵੀ ਵੱਧ ਗਿਆ ਹੈ। ਇਲਾਕਾ ਵਾਸੀਆਂ ਨੇ ਐੱਸਐੱਸਪੀ ਧਰੁਮਣ ਐੱਚ ਨਿੰਬਾਲੇ ਕੋਲੋਂ ਮੰਗ ਕੀਤੀ ਹੈ ਕਿ ਉਕਤ ਪੁਲੀਸ ਨਾਕੇ ਨੂੰ ਦਰਿਆ ਬਿਆਸ ਤੋਂ ਹਟਾ ਕੇ ਮੁੜ ਕਪੂਰਥਲਾ ਚੌਕ ’ਚ ਹੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਦਰਿਆ ਬਿਆਸ ਪੁਲ ’ਤੇ ਪਹਿਲਾਂ ਹੀ ਤਲਵੰਡੀ ਪੁਲੀਸ ਦਾ ਨਾਕਾ ਲੱਗਿਆ ਹੋਇਆ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਉਕਤ ਥਾਂ ’ਤੇ ਪਹਿਲਾਂ ਵਾਂਗ ਹੀ ਨਾਕਾ ਜਾਰੀ ਰੱਖਿਆ ਜਾਵੇ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇਦਰ ਲੰਮਾ ਸਮਾਂ ਇਥੋਂ ਨਾਕਾ ਹਟਾ ਦਿੱਤਾ ਗਿਆ ਤਾਂ ਇਲਾਕੇ ਵਿੱਚ ਚੋਰ ਆਦਿ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ।