ਧਾਰੀਵਾਲ: ਥਾਣਾ ਧਾਰੀਵਾਲ ਵਿੱਚ ਲਾਏ ਖੁੱਲ੍ਹੇ ਦਰਬਾਰ ਦੌਰਾਨ ਵੱਖ-ਵੱਖ ਮਾਮਲਿਆਂ ਦੀਆਂ 17 ਸ਼ਿਕਾਇਤਾਂ ਦਾ ਨਿਪਟਾਰਾ ਅਤੇ ਕਲਾਨੌਰ ਥਾਣੇ ’ਚ 16 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਗਿਆ। ਥਾਣਾ ਧਾਰੀਵਾਲ ਵਿੱਚ ਥਾਣਾ ਮੁਖੀ ਸਬ-ਇੰਸਪੈਕਟਰ ਸਰਬਜੀਤ ਸਿੰਘ ਚਾਹਲ ਦੇ ਪ੍ਰਬੰਧਾਂ ਵਿੱਚ ਲਾਏ ਖੁੱਲ੍ਹੇ ਦਰਬਾਰ ਵਿੱਚ ਐੱਸਪੀ ਹੈੱਡਕੁਆਰਟਰ ਗੁਰਦਾਸਪੁਰ ਨਵਜੋਤ ਸਿੰਘ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਧਾਰੀਵਾਲ ਵਿੱਚ ਵੱਖ-ਵੱਖ ਮਾਮਲਿਆਂ ਦੀਆਂ 50 ਸ਼ਿਕਾਇਤਾਂ ’ਚੋਂ 17 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਗਿਆ ਹੈ। ਇਸ ਮੌਕੇ ਸਬ-ਇੰਸਪੈਕਟਰ ਰਾਜਿੰਦਰ ਕੌਰ, ਮੁਨਸ਼ੀ ਏਐੱਸਆਈ ਮਹਿੰਦਰ ਪਾਲ ਸਣੇ ਹੋਰ ਵੀ ਪੁਲੀਸ ਅਧਿਕਾਰੀ ਮੌਜੂਦ ਸਨ। ਨੇੜਲੇ ਥਾਣਾ ਕਲਾਨੌਰ ਵਿੱਚ ਐੱਸਐੱਚਓ ਮਨਜੀਤ ਸਿੰਘ ਦੇ ਪ੍ਰਬੰਧਾਂ ਹੇਠ ਲੱਗੇ ਖੁੱਲ੍ਹੇ ਦਰਬਾਰ ਦੌਰਾਨ ਵੱਖ-ਵੱਖ ਮਾਮਲਿਆਂ ਦੀਆਂ 30 ਸ਼ਿਕਾਇਤਾਂ ਵਿੱਚੋਂ 16 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਗਿਆ। -ਪੱਤਰ ਪ੍ਰੇਰਕ