ਗੁਰਬਖਸ਼ਪੁਰੀ
ਤਰਨ ਤਾਰਨ, 7 ਅਕਤੂਬਰ
ਪਿੰਡ ਰਸੂਲਪੁਰ ਦੀਆਂ ਨਹਿਰਾਂ ਤੋਂ ਹਥਿਆਰਬੰਦਾਂ ਦਾ ਟੋਲਾ ਵੀਰਵਾਰ ਸ਼ਾਮ ਵੇਲੇ ਨਵ-ਵਿਆਹੁਤਾ ਨੂੰ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਫੋਟੋਆਂ ਖਿਚਵਾਉਣ ਮੌਕੇ ਹਥਿਆਰ ਦਿਖਾ ਕੇ ਅਗਵਾ ਕਰ ਕੇ ਲੈ ਗਿਆ। ਉਹ ਆਪਣੇ ਪਤੀ ਨਾਲ ਕੌਮੀ ਸ਼ਾਹ ਮਾਰਗ ’ਤੇ ਪੈਂਦੇ ਪਿੰਡ ਰਸੂਲਪੁਰ ਦੀਆਂ ਨਹਿਰਾਂ ਕੋਲ ਫੋਟੋਆਂ ਖਿਚਵਾ ਰਹੀ ਸੀ। ਇਸ ਦੌਰਾਨ ਨਵ-ਵਿਆਹੁਤਾ ਦੀ ਮਾਤਾ ਅਮਰਜੀਤ ਕੌਰ ਵਾਸੀ ਸੰਘਾ ਜਖ਼ਮੀ ਹੋ ਗਈ| ਪ੍ਰਾਪਤ ਸੂਚਨਾ ਅਨੁਸਾਰ ਰਸੂਲਪੁਰ ਨਹਿਰਾਂ ਨੇੜਲੇ ਸੰਘਾ ਪਿੰਡ ਦੀ ਲੜਕੀ ਜਸ਼ਨਪ੍ਰੀਤ ਕੌਰ ਦਾ ਵਿਆਹ ਇਲਾਕੇ ਦੇ ਹੀ ਪਿੰਡ ਗੁਲਾਲੀਪੁਰ ਦੇ ਕਰਨਬੀਰ ਸਿੰਘ ਨਾਲ ਹੋਇਆ ਸੀ| ਵਿਆਹ ਉਪਰੰਤ ਨਵ-ਵਿਆਹਿਆ ਜੋੜਾ ਨਹਿਰਾਂ ’ਤੇ ਆਪਣੀਆਂ ਫੋਟੋਆਂ ਖਿਚਵਾ ਰਿਹਾ ਸੀ। ਇਸੇ ਦੌਰਾਨ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਆਏ ਹਥਿਆਰਬੰਦ ਬੰਦਿਆਂ ਨੇ ਗੋਲੀਆਂ ਚਲਾ ਕੇ ਲੜਕੀ ਦੀ ਮਾਤਾ ਨੂੰ ਜ਼ਖ਼ਮੀ ਕਰ ਦਿੱਤਾ| ਹਥਿਆਰਬੰਦ ਵਿਆਹੁਤਾ ਨੂੰ ਧੱਕੇ ਨਾਲ ਆਪਣੀ ਕਾਰ ਵਿੱਚ ਸੁੱਟ ਕੇ ਅਗਵਾ ਕਰ ਕੇ ਲੈ ਗਏ|
ਇਸ ਸਬੰਧੀ ਸਥਾਨਕ ਥਾਣਾ ਸਦਰ ਤੋਂ ਏਐਸਆਈ ਵੇਦ ਪ੍ਰਕਾਸ਼ ਦੀ ਅਗਵਾਈ ਵਿੱਚ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ| ਇਸ ਮਾਮਲੇ ਵਿੱਚ ਪੁਲੀਸ ਨੇ ਹਮਲਾਵਰਾਂ ਵਿੱਚੋਂ ਰੋਹਿਤ, ਵਿੱਕੀ, ਗੋਲਡੀ, ਅਰਸ਼, ਸਾਹਿਬ ਸਿੰਘ, ਪਲਵਿੰਦਰ ਸਿੰਘ ਪਿੰਦਾ ਅਤੇ ਹੀਰਾ ਸਿੰਘ ਦੀ ਸ਼ਨਾਖ਼ਤ ਕਰ ਲਈ ਹੈ। ਇਨ੍ਹਾਂ ਸਣੇ ਪੰਜ ਅਣਪਛਾਤਿਆਂ ਖਿਲਾਫ਼ ਪਲੀਸ ਨੇ ਦਫ਼ਾ 365, 307, 506, 120–ਬੀ, 148,149 ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ|