ਐਨਪੀ. ਧਵਨ
ਪਠਾਨਕੋਟ, 27 ਅਕਤੂਬਰ
ਸੁਜਾਨਪੁਰ ਦੇ ਪਿੰਡ ਖਦਾਵਰ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ’ਚ ਹੋਈ ਮੌਤ ਦਾ ਮਾਮਲਾ ਭਖ਼ ਗਿਆ ਹੈ। ਮ੍ਰਿਤਕਾ ਦੇ ਮਾਪਿਆਂ ਨੇ ਸਹੁਰੇ ਪਰਿਵਾਰ ਉਪਰ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਜਦੋਂਕਿ ਸੁਜਾਨਪੁਰ ਥਾਣੇ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਪੂਜਾ ਕੁਮਾਰੀ ਪਤਨੀ ਬਲਵਿੰਦਰ ਕੁਮਾਰ ਵਾਸੀ ਖਦਾਵਰ ਵਜੋਂ ਹੋਈ ਹੈ। ਮ੍ਰਿਤਕਾ ਪੂਜਾ ਕੁਮਾਰੀ ਦੇ ਭਰਾ ਕਪਿਲ ਧੀਮਾਨ ਤੇ ਅਸ਼ਵਨੀ ਕੁਮਾਰ ਵਾਸੀ ਸੁਜਾਨਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪੂਜਾ (42) ਦਾ ਵਿਆਹ 13 ਸਾਲ ਪਹਿਲਾਂ ਬਲਵਿੰਦਰ ਕੁਮਾਰ ਵਾਸੀ ਪਿੰਡ ਖਦਾਵਰ ਨਾਲ ਹੋਇਆ ਸੀ ਤੇ ਸਹੁਰੇ ਪਰਿਵਾਰ ਵਾਲੇ ਤੇ ਉਸ ਦਾ ਪਤੀ ਉਨ੍ਹਾਂ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦੇ ਸੀ। ਪੂਜਾ ਦੇ ਸਹੁਰੇ ਪਰਿਵਾਰ ਵੱਲੋਂ ਅੱਜ ਉਨ੍ਹਾਂ ਨੂੰ ਸਵੇਰੇ 10 ਵਜੇ ਫੋਨ ਆਇਆ ਕਿ ਉਨ੍ਹਾਂ ਦੀ ਭੈਣ ਬੇਹੋਸ਼ ਹੋ ਗਈ ਹੈ। ਜਦੋਂ ਉਹ ਪਿੰਡ ਖਦਾਵਰ ਵਿੱਚ ਪੁੱਜੇ ਤਾਂ ਪਿੰਡ ਦੇ ਕਾਫੀ ਲੋਕ ਉਨ੍ਹਾਂ ਦੇ ਘਰ ’ਚ ਇਕੱਠੇ ਹੋਏ ਸਨ ਤੇ ਉਸ ਦੀ ਭੈਣ ਮ੍ਰਿਤਕ ਪਈ ਸੀ। ਉਸ ਦੇ ਗਲੇ ’ਤੇ ਡੂੰਘੇ ਨਿਸ਼ਾਨ ਸਨ। ਜਿਸ ਦੀ ਸੂਚਨਾ ਉਨ੍ਹਾਂ ਨੇ ਸੁਜਾਨਪੁਰ ਥਾਣੇ ਨੂੰ ਦਿੱਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਭੈਣ ਪੂਜਾ ਕੁਮਾਰੀ ਦੀ ਉਸ ਦੇ ਪਤੀ ਬਲਵਿੰਦਰ ਕੁਮਾਰ ਨੇ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਹੈ। ਸੁਜਾਨਪੁਰ ਪੁਲੀਸ ਨੇ ਤਲਾਸ਼ੀ ਲੈ ਕੇ ਸੋਫੇ ਥੱਲਿਉਂ ਚੁੰਨੀ ਵੀ ਬਰਾਮਦ ਕਰ ਲਈ ਹੈ। ਮ੍ਰਿਤਕ ਪੂਜਾ ਕੁਮਾਰੀ ਦੇ ਪਤੀ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਸ ਦੇ 2 ਬੱਚੇ ਹਨ ਜੋ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਹਨ। ਜਦੋਂ ਉਹ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਕਮਰਾ ਬੰਦ ਸੀ। ਉਸ ਨੇ ਰੋਸ਼ਨਦਾਨ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਕਮਰੇ ਵਿੱਚ ਦਾਖਲ ਹੋ ਕੇ ਦੇਖਿਆ ਤਾਂ ਉਸ ਦੀ ਪਤਨੀ ਪੱਖੇ ਨਾਲ ਲਟਕੀ ਹੋਈ ਸੀ। ਉਸ ਨੇ ਤੁਰੰਤ ਉਸ ਦੀ ਰੱਸੀ ਕੱਟ ਕੇ ਥੱਲੇ ਉਤਾਰਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਬ ਇੰਸਪੈਕਟਰ ਰਾਮ ਭਜਨ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪੂਜਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਪਠਾਨਕੋਟ ਹਸਪਤਾਲ ’ਚ ਭੇਜ ਦਿੱਤਾ ਹੈ। ਭਲਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ।