ਪੱਤਰ ਪ੍ਰੇਰਕ
ਧਾਰੀਵਾਲ, 5 ਮਈ
ਪੁਲੀਸ ਨੇ ਵਿਸ਼ੇਸ਼ ਨਾਕੇ ਦੌਰਾਨ ਇੱਕ ਕਾਰ ਸਵਾਰ ਮਾਂ-ਪੁੱਤ ਅਤੇ ਇੱਕ ਹੋਰ ਨੌਜਵਾਨਾਂ ਨੂੰ 65 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਅੱਡਾ ਜਾਪੂਵਾਲ ’ਚ ਲਾਏ ਵਿਸ਼ੇਸ਼ ਨਾਕੇ ਦੌਰਾਨ ਕਾਰ ਨੰਬਰ ਪੀਬੀ 70 ਈ 8506 ਨੂੰ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਚਾਲਕ ਕੋਲੋਂ 20 ਗ੍ਰਾਮ ਹੈਰੋਇਨ, ਨਾਲ ਬੈਠੀ ਔਰਤ ਦੀ ਮਹਿਲਾ ਕਰਮਚਾਰੀ ਦੁਆਰਾ ਤਲਾਸ਼ੀ ਲੈਣ ਤੇ ਉਸ ਕੋਲੋਂ 30 ਗ੍ਰਾਮ ਹੈਰੋਇਨ ਅਤੇ ਪਿੱਛੇ ਬੈਠੇ ਨੌਜਵਾਨ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਨਾਜਰ ਪੁੱਤਰ ਧਰਮਿੰਦਰ ਸਿੰਘ ਤੇ ਛਿੰਦਰ ਕੌਰ ਪਤਨੀ ਧਰਮਿੰਦਰ ਸਿੰਘ (ਦੋਵੇਂ ਮਾਂ-ਪੁੱਤ) ਵਾਸੀਆਂਨ ਇੰਦਰਾ ਕਲੋਨੀ ਮਾਛੀਵਾੜਾ ਅਤੇ ਸੁਮਿਤ ਪੁੱਤਰ ਕਰਨੈਲ ਸਿੰਘ ਵਾਸੀ ਮਨੋਹਰ ਨਗਰ ਮਿਲਰਗੰਜ ਲੁਧਿਆਣਾ ਵਜੋਂ ਦੱਸੀ। ਇਨ੍ਹਾਂ ਵਿਰੁੱਧ ਐੱਨਡੀਪੀਐੱਸ ਤਹਿਤ ਕੇਸ ਦਰਜ ਕੀਤਾ ਹੈ।