ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 5 ਅਪਰੈਲ
ਅੱਜ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਧੰਨਵਾਦ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਇੱਥੇ ਸਥਿਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੀ ਪਵਿੱਤਰ ਬਾਉਲੀ ਦੇ ਜਲ ਨੂੰ ਲੰਮੇ ਸਮੇਂ ਤੋਂ ਦੂਸ਼ਿਤ ਕਰ ਰਹੇ ਗੰਦੇ ਨਾਲੇ ਦੀ ਸਮੱਸਿਆ ਦੇ ਹੱਲ ਲਈ ਗੰਦੇ ਨਾਲੇ ਦਾ ਦੌਰਾ ਕੀਤਾ ਗਿਆ। ਇਸ ਸਮੱਸਿਆ ਤੋਂ ਵਿਧਾਇਕ ਲਾਲਪੁਰਾ ਨੂੰ ਜਾਣੂ ਕਰਵਾਉਂਦਿਆ ਸਵਰਨ ਸਿੰਘ ਢੋਟੀ, ਸੇਵਕਪਾਲ ਸਿੰਘ ਝੰਡੇਰ, ਨਿਰਮਲ ਸਿੰਘ ਢੋਟੀ, ਜਗਰੂਪ ਸਿੰਘ ਆਦਿ ਨੇ ਆਖਿਆ ਕਿ ਇਹ ਗੰਦਾ ਨਾਲਾ ਪਵਿੱਤਰ ਬਾਉਲੀ ਸਾਹਿਬ ਦੇ ਜਲ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਦੇ ਹੱਲ ਲਈ ਇਲਾਕੇ ਦੇ ਲੋਕ ਅਤੇ ਗੁਰੂ ਘਰ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੇ ਪਹਿਲੀ ਸਰਕਾਰ ਕੋਲੋਂ ਅਨੇਕਾਂ ਵਾਰ ਇਸ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਪਰ ਇਸ ਗੰਦੇ ਨਾਲੇ ਨੂੰ ਸੁੰਦਰ ਰਾਵੀ ਦੇ ਅਲਿਆਰਾ ਦਾ ਪ੍ਰਾਜੈਕਟ ਉਲੀਕਣ ਦੇ ਬਾਵਜੂਦ ਇਹ ਪ੍ਰਾਜੈਕਟ ਸਿਆਸੀ ਰੋਟੀਆਂ ਸੇਕਣ ਤੱਕ ਸਿਮਟ ਕੇ ਰਹਿ ਗਿਆ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੰਗਤ ਨੂੰ ਵਿਸ਼ਵਾਸ ਦੁਆਇਆ ਕਿ ਇਸ ਗੰਭੀਰ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਸਰਕਾਰ ਨੂੰ ਪ੍ਰਾਜੈਕਟ ਦੀ ਰੂਪ ਰੇਖਾ ਭੇਜੀ ਜਾਵੇਗੀ। ਇਸ ਮੌਕੇ ਵਿਧਾਇਕ ਲਾਲਪੁਰਾ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਖਿਆ ਕਿ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਮੌਜੂਦ ਰਹਿਣਗੇ।