ਪੱਤਰ ਪ੍ਰੇਰਕ
ਪਠਾਨਕੋਟ, 14 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਪ੍ਰਧਾਨ ਗੁਰਨਾਮ ਸਿੰਘ ਸੈਣੀ, ਜਨਰਲ ਸਕੱਤਰ ਵਿਸ਼ਾਲ ਵੀਰ ਅਤੇ ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਬਾਹਰ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਸੈਣੀ, ਕਨਵੀਨਰ ਨਰੇਸ਼ ਕੁਮਾਰ ਅਤੇ ਕਨਵੀਨਰ ਵਿਸ਼ਾਲਵੀਰ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਸਰਕਾਰ ਹੋਰ ਰਾਜਾਂ ਛੱਤੀਸਗੜ੍ਹ, ਰਾਜਸਥਾਨ ਦੀ ਤਰਜ ਤੇ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਅਤੇ ਬਾਕੀ ਮੰਗਾਂ ਸਣੇ ਪੈਨਸ਼ਨਰਾਂ ਨੂੰ 2016 ਤੋਂ ਲੈ ਕੇ ਹੁਣ ਤੱਕ ਦਾ ਬਣਦਾ ਬਕਾਇਆ ਇੱਕ ਮੁਸ਼ਤ ਦਿੱਤਾ ਜਾਵੇ। ਉਨ੍ਹਾਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਰੇਲਵੇ ਦੀ ਤਰਜ ਤੇ ਰੋਡਵੇਜ਼ ਦੀਆਂ ਬੱਸਾਂ ਵਿੱਚ ਕਿਰਾਏ ਵਿੱਚ 50 ਪ੍ਰਤੀਸ਼ਤ ਛੋਟ ਦੀ ਮੰਗ ਵੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦੀ ਪੂਰੀਆਂ ਨਾ ਹੋਈਆਂ ਤਾਂ ਜੁਆਇੰਟ ਫਰੰਟ ਦੇ ਬੈਨਰ ਹੇਠ ਸਰਕਾਰ ਖ਼ਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਕਲਮ ਛੋੜ ਹੜਤਾਲ: ਮਨਿਸਟੀਰੀਅਲ ਸਟਾਫ਼ ਵੱਲੋਂ ਰੋਸ ਵਿਖਾਵਾ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਅਮਲੇ ਨੇ ਅੱਜ ਆਪਣੀ ਛੇ-ਰੋਜ਼ਾ ਕਲਮ-ਛੋੜ ਹੜਤਾਲ ਦੇ ਪੰਜਵੇਂ ਦਿਨ ਵੀ ਸਰਕਾਰੀ ਕੰਮ ਠੱਪ ਕਰਕੇ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ ਤੇ ਸਰਕਾਰ ਦੀ ਅਰਥੀ ਸਾੜੀ। ਇਸ ਕਲਮ ਛੋੜ ਹੜਤਾਲ ਵਿੱਚ ਡੀਸੀ, ਐੱਸਡੀਐੱਮ, ਮਾਲ, ਸਿੱਖਿਆ, ਸਿਹਤ, ਵਾਟਰ ਸਪਲਾਈ, ਵਿੱਤ, ਖੇਤੀਬਾੜੀ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਹਿੱਸਾ ਲੈ ਰਹੇ ਹਨ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੰਧੂ ਹੋਰਨਾਂ ਆਦਿ ਨੇ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।