ਪੱਤਰ ਪ੍ਰੇਰਕ
ਧਾਰੀਵਾਲ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਮਾਝਾ) ਵੱਲੋਂ ਗੰਨੇ ਦੇ ਸੀਜ਼ਨ 2021-22 ਦੀ ਬਕਾਇਆ ਰਹਿੰਦੀ ਅਦਾਇਗੀ ਨੂੰ ਲੈ ਕੇ ਚੱਢਾ ਸ਼ੂਗਰ ਮਿੱਲ ਕੀੜੀ ਦੀ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਜਫਰਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿੱਲ ਮੈਨੇਜਮੈਂਟ ਵੱਲੋਂ ਭਾਰਤੀ ਕਿਸਾਨ ਯੂਨੀਅਨ (ਮਾਝਾ) ਦੇ ਆਗੂਆਂ ਨਾਲ ਲਿਖਤੀ ਇਕਰਾਰਨਾਮਾ ਕੀਤਾ ਗਿਆ ਕਿ ਪਿਛਲੇ ਹਫਤੇ ਦੇ ਬਕਾਇਆ ਦਾ ਭੁਗਤਾਨ ਪੰਜ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਗਲੇ 50 ਦਿਨਾਂ ਵਿੱਚ ਸਾਰੀ ਬਕਾਇਆ ਰਹਿੰਦੀ ਅਦਾਇਗੀ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਲਈ ਭਾਰਤੀ ਕਿਸਾਨ ਮਾਝਾ ਯੂਨੀਅਨ ਹਮੇਸ਼ਾਂ ਯਤਨਸ਼ੀਲ ਉਪਰਾਲੇ ਕਰਦੀ ਆ ਰਹੀ ਹੈ ਅਤੇ ਕਿਸਾਨੀ ਹੱਕਾਂ ਖਾਤਰ ਹਰ ਸੰਘਰਸ਼ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਕੌਮੀ ਪ੍ਰਧਾਨ ਕਵਲਜੀਤ ਸਿੰਘ ਪੰਡੋਰੀ, ਪ੍ਰੈੱਸ ਸਕੱਤਰ ਸਤਨਾਮ ਸਿੰਘ ਜਫਰਵਾਲ, ਸਤਨਾਮ ਸਿੰਘ ਕੀੜੀ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।