ਦਿਲਬਾਗ ਸਿੰਘ ਗਿੱਲ
ਅਟਾਰੀ, 29 ਅਕਤੂਬਰ
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਾਰਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਅੱਜ ਤਿੰਨ ਸਥਾਨਾਂ ’ਤੇ ਇਸੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ਵੱਖ-ਵੱਖ ਮੈਰਾਥਨ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 2500 ਦੇ ਕਰੀਬ ਬਲ ਦੇ ਜਵਾਨਾਂ ਤੇ ਆਮ ਲੋਕਾਂ ਨੇ ਭਾਗ ਲਿਆ। ਇਸ ਦੌਰਾਨ ਗੋਲਡਨ ਗੇਟ ਅੰਮ੍ਰਿਤਸਰ, ਵਾਰ ਮੈਮੋਰੀਅਲ ਇੰਡੀਆ ਗੇਟ ਅਤੇ ਖਾਸਾ ਨੇੜਿਓਂ ਸ਼ੁਰੂ ਹੋ ਕੇ ਮੈਰਾਥਨ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਪਹੁੰਚ ਕੇ ਸਮਾਪਤ ਹੋਈਆਂ। ਸੀਮਾ ਸੁਰੱਖਿਆ ਬਲ ਵੱਲੋਂ ਕਰਵਾਈ ਗਈ ਇਸ ਰੈਲੀ ਦਾ ਇਨਾਮ ਵੰਡ ਸਮਾਰੋਹ ਸਾਂਝੀ ਜਾਂਚ ਚੌਕੀ ਅਟਾਰੀ ਵਿਖੇ ਹੋਇਆ, ਜਿਸ ਵਿੱਚ ਪਹੁੰਚ ਕੇ ਐਡੀਸ਼ਨਲ ਡਾਇਕੈਟਰ ਜਨਰਲ (ਪੱਛਮੀ ਕਮਾਂਡ) ਪੀ.ਵੀ. ਰਮਾ ਸ਼ਾਸਤਰੀ ਨੇ ਜੇਤੂਆਂ ਨੂੰ ਨਕਦ ਇਨਾਮ ਵੰਡੇ ਅਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਨੇ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਪੰਜਾਬ ਫ਼ਰੰਟੀਅਰ ਦੇ ਅਧਿਕਾਰੀ ਆਈਜੀ ਆਸਿਫ ਜਲਾਲ ਅਤੇ ਆਈਜੀ ਸੋਨਾਲੀ ਮਿਸ਼ਰਾ ਵੀ ਹਾਜ਼ਰ ਸਨ। 42 ਕਿਲੋਮੀਟਰ ਦੌੜ ਗੋਲਡਨ ਗੇਟ ਅੰਮ੍ਰਿਤਸਰ ਤੋਂ ਆਰੰਭ ਹੋਈ। 21 ਕਿਲੋਮਟਰ ਦੌੜ ਵਾਰ ਮੈਮੋਰੀਅਲ ਇੰਡੀਆ ਗੇਟ ਤੋਂ ਆਰੰਭ ਹੋਈ ਅਤੇ 10 ਕਿਲੋਮੀਟਰ ਦੌੜ ਖਾਸਾ ਨੇੜਿਓਂ ਰਵਾਨਾ ਹੋਈ। ਇਨਾਮ ਵੰਡ ਸਮਾਰੋਹ ਵਿੱਚ 42 ਕਿਲੋਮੀਟਰ ਦੌੜ ਦੇ ਜੇਤੂ ਨੂੰ ਇੱਕ ਲੱਖ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 50 ਹਜ਼ਾਰ ਅਤੇ ਤੀਜੇ ਸਥਾਨ ਵਾਲੇ ਨੂੰ 30 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। 10 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 25 ਹਜ਼ਾਰ ਤੇ ਦੂਜੇ ਸਥਾਨ ਵਾਲੇ ਨੂੰ 15 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਮੌਕੇ ਐਡੀਸ਼ਨਲ ਡਾਇਰੈਕਟਰ ਜਨਰਲ ਪੀ.ਵੀ. ਰਮਾ ਸ਼ਾਸਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ‘‘ਹਾਲ ਹੀ ਵਿੱਚ ਸੀਮਾ ਸੁਰੱਖਿਆ ਬਲ ਨੇ ਤਿੰਨ ਪਾਕਿਸਤਾਨੀ ਡਰੋਨ ਸੁੱਟੇ ਹਨ ਤੇ ਸਾਡੇ ਵੱਲੋਂ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਜਵਾਨ ਵੀ ਪੂਰੀ ਤਰ੍ਹਾਂ ਮੁਸ਼ਤੈਦ ਹਨ। ਇਸ ਮੌਕੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਅਤੇ 168ਵੀਂ ਬਟਾਲੀਅਨ ਦੇ ਅਧਿਕਾਰੀ ਹਾਜ਼ਰ ਸਨ।