ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 11 ਜੂਨ
ਦੀਨਾਨਗਰ ਦੇ ਨਜ਼ਦੀਕੀ ਪਿੰਡ ਆਲੋਵਾਲ ਵਿੱਚ ਬਿਜਲੀ ਦੇ ਖੰਭੇ ’ਤੇ ਮੁਰੰਮਤ ਦਾ ਕੰਮ ਕਰਦੇ ਸਮੇਂ ਇਕ ਲਾਈਨਮੈਨ ਦੀ ਖੰਭੇ ਤੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦਰ (58) ਵਾਸੀ ਬਹਿਰਾਮਪੁਰ ਵਜੋਂ ਹੋਈ ਹੈ। ਸੁਭਾਸ਼ ਚੰਦਰ ਦੀਨਾਨਗਰ ਪਾਵਰਕੌਮ ਸਬ ਸਟੇਸ਼ਨ ਵਿੱਚ ਬਤੌਰ ਲਾਈਨਮੈਨ ਤਾਇਨਾਤ ਸੀ ਅਤੇ ਫਰਵਰੀ 2022 ਵਿਚ ਨੌਕਰੀ ਤੋਂ ਸੇਵਾਮੁਕਤ ਹੋਣਾ ਸੀ।
ਇਕੱਤਰ ਜਾਣਕਾਰੀ ਅਨੁਸਾਰ ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ ਕਾਰਨ ਚੌਵੀ ਘੰਟੇ ਮੰਜ ਫੀਡਰ ਦੇ ਪਿੰਡ ਆਲੋਵਾਲ ਵਿੱਚ ਕੁਝ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ’ਤੇ ਡਿੱਗਣ ਕਾਰਨ ਬੰਦ ਹੋਈ ਬਿਜਲੀ ਸਪਲਾਈ ਚਾਲੂ ਕਰਨ ਲਈ ਲਾਈਨਮੈਨ ਸੁਭਾਸ਼ ਚੰਦਰ ਬਿਜਲੀ ਦੇ ਖੰਭੇ ਉੱਤੇ ਚੜ੍ਹ ਕੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਅਚਾਨਕ ਉਹ ਖੰਭੇ ਤੋਂ ਹੇਠਾਂ ਡਿੱਗ ਪਿਆ। ਗੰਭੀਰ ਜ਼ਖ਼ਮੀ ਹੋਏ ਸੁਭਾਸ਼ ਚੰਦਰ ਨੂੰ ਸੀਐਚਸੀ ਸਿੰਘੋਵਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਾਵਰਕੌਮ ਦੀਨਾਨਗਰ ਦੇ ਐੱਸਡੀਓ ਇੰਜਨੀਅਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਘਟਨਾ ਦੇ ਕਾਰਨਾਂ ਦੀ ਪੜਤਾਲ ਕਰਾਉਣਗੇ। ਦੂਸਰੇ ਪਾਸੇ ਬਹਿਰਾਮਪੁਰ ਦੀ ਪੁਲੀਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।