ਪੱਤਰ ਪ੍ਰੇਰਕ
ਧਾਰੀਵਾਲ, 27 ਅਕਤੂਬਰ
ਕਸਬਾ ਸੋਹਲ ਵਿੱਚ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਆਗੂਆਂ ਦੀ ਤਹਿਸੀਲ ਪੱਧਰੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਲਬਿਰੇਸ਼ਨ ਦੇ ਤਹਿਸੀਲ ਗੁਰਦਾਸਪੁਰ ਦੇ ਸਕੱਤਰ ਵਿਜੈ ਸੋਹਲ ਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕੇਜਰੀਵਾਲ ਨੇ ਗੁਜਰਾਤ ਤੇ ਹਿਮਾਚਲ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਲਾਭ ਲੈਣ ਹਿੱਤ ਭਾਜਪਾ ਤੋਂ ਵੀ ਵੱਡਾ ਹਿੰਦੂਪ੍ਰਸਤ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਬੱਖਤਪੁਰਾ ਨੇ ਕਿਹਾ ਕੇਜਰੀਵਾਲ ਦਾ ਭਾਰਤੀ ਕਰੰਸੀ ਸਬੰਧੀ ਦਿੱਤਾ ਬਿਆਨ ਭਾਰਤੀ ਸੰਵਿਧਾਨ ਦੀ ਧਰਮਨਿਰਪੱਖਤਾ ਦੀ ਭਾਵਨਾ ਦੇ ਵਿਰੁੱਧ ਤੇ ਅੰਧ-ਵਿਸ਼ਵਾਸ ਨਾਲ ਭਰਿਆ ਹੈ। ਆਗੂਆਂ ਨੇ ਦੱਸਿਆ ਕਿ ਲਬਿਰੇਸ਼ਨ ਨੇ ਭਗਵੰਤ ਮਾਨ ਸਰਕਾਰ ਨੂੰ ਨਸ਼ਿਆਂ, ਰੇਤਾ ਬਜਰੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਸਹਾਇਤਾ ਦੇਣ ਦੀ ਗਾਰੰਟੀ ਤੇ ਹਿੰਦੂਤਵਵਾਦ ਦੀ ਸਿਆਸਤ ਭੜਕਾਉਣ ਦੇ ਮੁੱਦਿਆਂ ’ਤੇ ਘੇਰਨ ਲਈ ਨਵੰਬਰ ’ਚ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਹੈ। ਮੀਟਿੰਗ ’ਚ ਜੋਗਿੰਦਰ ਪਾਲ ਲੇਹਲ, ਬਲਬੀਰ ਸਿੰਘ, ਪਲਵਿੰਦਰ ਸਿੰਘ ਬਿੱਲਾ, ਕੁਲਦੀਪ ਰਾਜੂ, ਗੁਰਿੰਦਰ ਸਿੰਘ, ਸੁਖਵੰਤ ਸਿੰਘ ਹਜ਼ਾਰਾ, ਗੋਪਾਲ ਕ੍ਰਿਸ਼ਨ ਪਾਲਾ ਆਦਿ ਹਾਜ਼ਰ ਸਨ।