ਲਖਨਪਾਲ ਸਿੰਘ
ਮਜੀਠਾ, 9 ਜੂਨ
ਭਗਵੰਤ ਮਾਨ ਸਰਕਾਰ ਦੇ ਰਾਜ ’ਚ ਸੂਬੇ ’ਚ ਅਮਨ ਕਾਨੂੰਨ ਵਿਵਸਥਾ ਵਿਗੜ ਗਈ ਹੈ ਤੇ ਕਿਸੇ ਦਾ ਵੀ ਕਤਲ ਕਰਨਾ ਆਮ ਗੱਲ ਹੋ ਗਈ ਹੈ। ਇਹ ਪ੍ਰਗਟਾਵਾ ਅੱਜ ਇਥੇ ਪਿੰਡ ਢਿੰਗ ਨੰਗਲ ਦੇ ਵਸਨੀਕ ਸਵ. ਹਰਜਿੰਦਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੀ ਹਲਕਾ ਮਜੀਠਾ ਦੀ ਵਿਧਾਇਕ ਬੀਬੀ ਗਨੀਵ ਕੌਰ ਮਜੀਠੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ ਦਿਨੀ ਹਰਜਿੰਦਰ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ’ਚ 60 ਦਿਨਾਂ ’ਚ 100 ਤੋਂ ਜ਼ਿਆਦਾ ਕਤਲ ਹੋ ਚੁੱਕੇ ਹਨ ਪਰ ਪੰਜਾਬ ਪੁਲੀਸ ਹਾਲੇ ਤੱਕ ਮੁਲਜ਼ਮਾਂ ਨੂੰ ਫੜ ਨਹੀਂ ਸਕੀ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਿਹਾ ਕਿ ਜਦੋਂ ਪੰਜਾਬ ’ਚ ਇੰਨੇ ਵੱਡੇ ਸਟਾਰ ਦੀ ਇੰਨੀ ਬੇਰਹਿਮਤੀ ਨਾਲ ਹੱਤਿਆ ਕੀਤੀ ਗਈ ਹੋਵੇ ਤਾਂ ਪੰਜਾਬ ਸਰਕਾਰ ਚੁੱਪ ਬੈਠੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਤੋਂ ਹੁਣ ਅਮਨ ਕਾਨੂੰਨ ਦੀ ਕੋਈ ਆਸ ਨਹੀਂ ਰਹਿ ਗਈ। ਉਨ੍ਹਾਂ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਕਾਤਲਾਂ ਨੂੰ ਕਾਬੂ ਕਰਾ ਕੇ ਸਜ਼ਾ ਦਿਵਾਉਣ ਲਈ ਉਹ ਪਰਿਵਾਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦਾ ਹਰ ਜੀਅ ਉਨ੍ਹਾਂ ਦਾ ਆਪਣਾ ਪਰਿਵਾਰਕ ਮੈਂਬਰ ਹੈ। ਇਸ ਮੌਕੇ ਉਨ੍ਹਾਂ ਨਾਲ ਓਐੱਸਡੀ ਲਖਵੀਰ ਸਿੰਘ ਲੱਖਾ, ਗਗਨਦੀਪ ਸਿੰਘ ਭਕਨਾ, ਬੱਬੀ ਭਗਵਾਂ, ਦਲਜੀਤ ਸਿੰਘ ਵੀ ਹਾਜ਼ਰ ਸਨ।