ਪੱਤਰ ਪ੍ਰੇਰਕ
ਪਠਾਨਕੋਟ, 6 ਜੂਨ
ਇਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ਿਲ੍ਹਾ ਸਿੱਖਿਆ ਦਫਤਰ ਵਿੱਚ ਅੱਠਵੀਂ ਕਲਾਸ ਵਿੱਚ ਪੰਜਾਬ ਪੱਧਰ ’ਤੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਬੱਚਿਆਂ ਦੇ ਸਨਮਾਨ ਸਮਾਗਮ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ 7 ਵਿਦਿਆਰਥੀ ਅੱਠਵੀਂ ਕਲਾਸ ਦੇ ਨਤੀਜੇ ਵਿੱਚ ਪੰਜਾਬ ਪੱਧਰ ’ਤੇ ਮੈਰਿਟ ਸੂਚੀ ਵਿੱਚ ਆਏ ਹਨ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਜਸਵੰਤ ਸਿੰਘ, ਐੱਸਐੱਸਪੀ ਅਰੁਣ ਸੈਣੀ, ਐੱਸਡੀਐੱਮ ਕਾਲਾ ਰਾਮ ਕਾਂਸਲ, ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਅਤੇ ਹੋਰ ਪ੍ਰਿੰਸੀਪਲ ਤੇ ਅਧਿਆਪਕ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ 7 ਵਿਦਿਆਰਥੀਆਂ ਨੇ ਅੱਠਵੀਂ ਕਲਾਸ ਦੇ ਨਤੀਜੇ ਆਉਣ ’ਤੇ ਮੈਰਿਟ ਵਿੱਚ ਪਹਿਲੇ ਨੰਬਰਾਂ ’ਤੇ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪਠਾਨਕੋਟ ਦਾ ਨਾਂ ਪੂਰੇ ਪੰਜਾਬ ਅੰਦਰ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵਧੀਆ ਇਹ ਗੱਲ ਹੈ ਕਿ ਮੈਰਿਟ ਵਿੱਚ ਸਥਾਨ ਬਣਾਉਣ ਵਾਲੇ 7 ਵਿਦਿਆਰਥੀਆਂ ਵਿੱਚੋਂ 5 ਲੜਕੀਆਂ ਅਤੇ 2 ਲੜਕੇ ਹਨ। ਇਸ ਤਰ੍ਹਾਂ ਅੱਜ ਫਿਰ ਧੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਨ। ਉਨ੍ਹਾਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ, ਯਾਦਗਾਰੀ ਚਿੰਨ ਭੇਟ ਕਰਕੇ ਅਤੇ ਨਕਦ ਰਾਸ਼ੀ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ।
ਤਹਿਸੀਲ ਦਫਤਰ ਦੀ ਵੀ ਚੈਕਿੰਗ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਪਠਾਨਕੋਟ ਦੇ ਦੌਰੇ ਸਮੇਂ ਤਹਿਸੀਲ ਦਫਤਰ ਦੀ ਅਚਾਨਕ ਚੈਕਿੰਗ ਕੀਤੀ ਗਈ ਤਾਂ ਰਜਿਸਟਰੀ ਕਾਊਂਟਰ ਤੇ ਕੇਵਲ ਇੱਕ ਹੀ ਮੁਲਾਜ਼ਮ ਡਿਊਟੀ ’ਤੇ ਹਾਜ਼ਰ ਮਿਲਿਆ। ਜਦ ਕਿ ਬਾਕੀ ਸਾਰੀਆਂ ਸੀਟਾਂ ਖਾਲੀ ਪਈਆਂ ਹੋਈਆਂ ਸਨ। ਪੁੱਛਣ ’ਤੇ ਮੌਜੂਦ ਮੁਲਾਜ਼ਮ ਬਾਕੀ ਮੁਲਾਜ਼ਮਾਂ ਬਾਰੇ ਕੋਈ ਸਪੱਸ਼ਟ ਜਵਾਬ ਨਾ ਦੇ ਸਕਿਆ। ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਕਿਹਾ ਕਿ ਗੈਰ-ਹਾਜ਼ਰ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਜਾਵੇਗੀ।