ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 28 ਮਈ
ਇਥੋਂ ਨਜ਼ਦੀਕੀ ਪਿੰਡ ਮੇਹੜੇ ਦੇ ਅਬਾਦਕਾਰ ਕਿਸਾਨਾਂ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਨਾ ਛੱਡਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਿੰਡ ਦੇ ਵਾਸੀ ਦਿਲਜੀਤ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ ਤੇ ਸਰਪੰਚ ਸਰਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ 80 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਹੈ। ਇਸ ਜ਼ਮੀਨ ਨੂੰ ਉਨ੍ਹਾਂ ਦੇ ਦਾਦੇ-ਪੜਦਾਦਿਆਂ ਨੇ ਬਹੁਤ ਹੀ ਮਿਹਨਤ ਨਾਲ ਛੰਭ ਦੇ ਦਲ ਦਲ ਭਰੇ ਜੰਗਲੀ ਇਲਾਕੇ ਨੂੰ ਪੁੱਟ ਕੇ ਅਬਾਦ ਕੀਤਾ ਸੀ ਅਤੇ ਉਹ ਇਸ ਪੰਚਾਇਤੀ ਜ਼ਮੀਨ ਵਿੱਚ ਕਈ ਪੀੜੀਆਂ ਤੋਂ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਬਾਦਕਾਰ ਕਿਸਾਨ ਹਨ ਅਤੇ ਉਨ੍ਹਾਂ ਦੇ ਪੁਰਖਿਆਂ ਵੱਲੋਂ ਸਖ਼ਤ ਮਿਹਨਤ ਬਾਅਦ ਅਬਾਦ ਕੀਤੀ ਇਸ ਜ਼ਮੀਨ ਦਾ ਇੱਕ ਇੰਚ ਵੀ ਛੱਡਣ ਲਈ ਤਿਆਰ ਨਹੀਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਮੀਨ ਖਾਲ੍ਹੀ ਕਰਾਉਣ ਦੀ ਕੋਸ਼ਿਸ਼ ਖ਼ਿਲਾਫ਼ ਚਿਤਾਵਨੀ ਦਿੱਤੀ। ਇਸ ਮੌਕੇ ਵਿਰੋਧ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ, ਦਲਬੀਰ ਸਿੰਘ, ਸੰਤੋਖ ਸਿੰਘ, ਹਰਭਜਨ ਸਿੰਘ, ਹਰਬੰਸ ਸਿੰਘ, ਕੈਪਟਨ ਅਵਤਾਰ ਸਿੰਘ, ਸੁਖਦੇਵ ਸਿੰਘ ਪੰਚ, ਸੰਤੋਖ ਸਿੰਘ ਪੰਚ, ਸੋਨੂੰ ਪੰਚ, ਜਤਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਅਜੀਤ ਕੌਰ, ਪਰਮੀਤ ਕੌਰ, ਕੁਲਵੰਤ ਕੌਰ ਅਤੇ ਲਖਵਿੰਦਰ ਕੌਰ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਸ਼ਾਮਲ ਸਨ।