ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 8 ਸਤੰਬਰ
ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਫੇਰੋਚੇਚੀ ਦੇ ਲੋਕਾਂ ਨੇ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਖ਼ਰਾਬ ਹੋਣ ਦੇ ਦੋਸ਼ ਲਗਾਏ ਹਨ। ਪਿੰਡ ਦੇ ਪੰਚ ਸੁਰਿੰਦਰ ਸਿੰਘ, ਪੰਚ ਜੋਗਿੰਦਰ ਮਸੀਹ, ਭਲਵਾਨ ਗੁਰਜੋਧ ਜੋਧਾ ਅਤੇ ਸੰਗਾਰਾ ਸਿੰਘ ਨੇ ਦੱਸਿਆ ਕਿ ਡਿਪੂ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋੜਵੰਦ ਲੋਕਾਂ ਲਈ ਪਹੁੰਚੀ ਕਣਕ ਸੁਸਰੀ ਲੱਗੀ ਹੋਣ ਕਾਰਨ ਬਹੁਤ ਖ਼ਰਾਬ ਸੀ। ਪਿੰਡ ਵਿੱਚ ਜਦੋਂ ਕਣਕ ਲੈਣ ਲਈ ਮੁਨਿਆਦੀ ਕੀਤੀ ਗਈ ਤਾਂ ਡਿਪੂ ਵਿੱਚ ਬਹੁਤ ਸਾਰੇ ਲੋਕ ਪਹੁੰਚ ਗਏ। ਇਸ ਮੌਕੇ ਡਿਪੂ ਹੋਲਡਰ ਵੱਲੋਂ ਕਣਕ ਵੰਡੀ ਸ਼ੁਰੂ ਕੀਤੀ ਤਾਂ ਕਣਕ ਦੀ ਹਾਲਤ ਸੁਸਰੀ ਲੱਗਣ ਕਾਰਨ ਬਹੁਤ ਖ਼ਰਾਬ ਸੀ। ਇਸ ਕਾਰਨ ਲੋੜਵੰਦ ਲੋਕਾਂ ਨੇ ਕਣਕ ਲੈਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਫ਼ ਸੁਥਰੀ ਅਤੇ ਖਾਣ ਯੋਗ ਕਣਕ ਮੁਹੱਈਆ ਕਰਵਾਈ ਜਾਵੇ। ਇਸ ਸਬੰਧੀ ਖ਼ੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਰਕੇਸ਼ ਉੱਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਸਪਲਾਈ ਕੀਤੀ ਕਣਕ ਵਾਪਸ ਮੰਗਵਾ ਲਈ ਅਤੇ ਹੁਣ ਉਹ ਜਲਦ ਤੋਂ ਜਲਦ ਸਾਫ਼ ਸੁਥਰੀ ਖਾਣ ਯੋਗ ਕਣਕ ਮੁਹੱਈਆ ਕਰਵਾਉਣਗੇ।