ਐਨ.ਪੀ.ਧਵਨ
ਪਠਾਨਕੋਟ, 22 ਮਾਰਚ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਵਾਰਡ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਦੀ ਇੱਕ ਮੀਟਿੰਗ ਰਾਮਲੀਲਾ ਗਰਾਊਂਡ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਵੀ ਹਾਜ਼ਰ ਹੋਏ। ਇਸ ਮੌਕੇ ਭਾਜਪਾ ਦੇ ਮਾਸਟਰ ਸੰਪੂਰਨ ਸਿੰਘ ਸੈਦਪੁਰ ਤੇ ਸਵਰਨ ਸਿੰਘ ਪੱਪੂ ਖੇਤੀ ਵਿਰੋਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕਨਵਰ ਮਿੰਟੂ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਪਾਰਟੀ ’ਚ ਸ਼ਾਮਲ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੰਵਰ ਮਿੰਟੂ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਪੂਰਨ ਬਹੁਮਤ ਨਾਲ ਜਿਤਾਏਗੀ ਕਿਉਂਕਿ ਸੂਬੇ ਦੇ ਲੋਕ ਇਹ ਜਾਣ ਚੁੱਕੇ ਹਨ ਕਿ ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਹੈ। ਇਸ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਅਦ ਵੀ ਵਾਅਦੇ ਪੂਰੇ ਨਹੀਂ ਕੀਤੇ ਗਏ। ਆਮ ਆਦਮੀ ਪਾਰਟੀ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪਾਰਟੀ ਹੈ ਜੋ ਸਿਰਫ ਚੋਣਾਂ ਵੇਲੇ ਹੀ ਦਰਸ਼ਨ ਦਿੰਦੀ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੀਤ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ, ਸੁਰਜੀਤ ਸਿੰਘ ਛੀਨਾ, ਕੁਲਦੀਪ ਮਹਾਜਨ, ਬਲਵਿੰਦਰ ਸਿੰਘ ਖਾਲਸਾ, ਪਵਨ ਕੁਮਾਰ ਸਰਨਾ, ਸਰਪੰਚ ਠਾਕੁਰ ਸੁਭਾਸ਼ ਸਿੰਘ ਆਦਿ ਵੀ ਹਾਜ਼ਰ ਸਨ।