ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 3 ਸਤੰਬਰ
ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਵੇਂ ਹੀ ਪੰਜਾਬ ਦੇ ਸਿਆਸੀ ਤੇ ਸਮਾਜਿਕ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ। ਸਿਆਸੀ ਪਾਰਟੀਆਂ ਆਪਣਾ ਵੱਕਾਰ ਬਹਾਲ ਕਰਨ ਲਈ ਪੱਬਾਂ ਭਾਰ ਹੋ ਰਹੀਆਂ ਹਨ। ਦੂਸਰੇ ਪਾਸੇ ਪਿੰਡਾਂ ਦੇ ਲੋਕਾਂ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਸਫਲਤਾ ਲਈ ਸਿਆਸੀ ਪਾਰਟੀਆਂ ਦਾ ਪਿੰਡਾਂ ’ਚ ਵੜਨਾ ਬੰਦ ਕਰਨ ਤੇ ਬਾਈਕਾਟ ਦੇ ਐਲਾਨ ਕੀਤੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਦੇ ਪਿੰਡ ਜਫਰਵਾਲ ਵਿੱਚ ਪਿੰਡ ਦੇ ਲੋਕਾਂ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਰਗਰਮ ਕਿਸਾਨਾਂ ਤੇ ਆਗੂਆਂ ਨੇ ਫੈਸਲਾ ਲਿਆ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਦੋਂ ਤੱਕ ਕਿਸਾਨੀ ਸੰਘਰਸ਼ ਚੱਲਣਗੇ ਓਨੀ ਦੇਰ ਤੱਕ ਕਿਸੇ ਵੀ ਸਿਆਸੀ ਪਾਰਟੀ ਦੀ ਰੈਲੀ ਜਾਂ ਮੀਟਿੰਗ ਵਿੱਚ ਭਾਗ ਨਹੀਂ ਲੈਣਗੇ ਤੇ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਜਾਨਬੁੱਝ ਕੇ ਪਿੰਡਾਂ ਵਿੱਚ ਦਖ਼ਲਅੰਦਾਜ਼ੀ ਕਰ ਰਹੀਆਂ ਹਨ। ਸਿਆਸੀ ਲੋਕਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਿਸਾਨ ਮਜ਼ਦੂਰ ਚੰਗੀ ਤਰ੍ਹਾਂ ਸਮਝਦੇ ਹਨ। ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਿਆਸੀ ਸਵਾਰਥ ਛੱਡ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕਿਸਾਨਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਡੱਟਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਬੇਸ਼ੱਕ ਅਸੀਂ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਹਾਂ, ਪਰ ਕਾਲੇ ਕਾਨੂੰਨ ਰੱਦ ਹੋਣ ਤੱਕ ਸਾਡਾ ਸਿਆਸੀ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਰਹੇਗਾ। ਉਨ੍ਹਾਂ ਕਿਸਾਨ ਸੰਘਰਸ਼ ਦੀ ਸਫਲਤਾ ਤੇ ਮਜ਼ਬੂਤੀ ਲਈ ਬਾਕੀ ਪਿੰਡਾਂ ਨੂੰ ਵੀ ਸਿਆਸੀ ਪਾਰਟੀਆਂ ਦਾ ਕਾਲੇ ਕਾਨੂੰਨ ਰੱਦ ਹੋਣ ਤੱਕ ਬਾਈਕਾਟ ਕਰਨ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਜਫਰਵਾਲ ਤੋਂ ਕਿਸਾਨੀ ਸੰਘਰਸ਼ ਲਈ ਹਰ ਹਫਤੇ ਨਿਰੰਤਰ ਬਦਲਵਾਂ ਕ੍ਰਮਵਾਰ ਜਥਾ ਦਿੱਲੀ ਨੂੰ ਰਵਾਨਾ ਹੁੰਦਾ ਹੈ, ਇਹ ਸਿਲਸਲਾ ਕਾਲੇ ਕਾਨੂੰ ਰੱਦ ਹੋਣ ਤੱਕ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਦਾ ਜਥਾ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਸਤਨਾਮ ਸਿੰਘ ਜਫਰਵਾਲ, ਥਾਣੇਦਾਰ ਮੰਗਲ ਸਿੰਘ, ਮੈਂਬਰ ਪੰਚਾਇਤ ਹਰਜਿੰਦਰ ਸਿੰਘ, ਜਥੇ ਕੇਵਲ ਸਿੰਘ ਆਦਿ ਹਾਜ਼ਰ ਸਨ।