ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 23 ਮਈ
ਬਲਾਕ ਧਾਰੀਵਾਲ ਵਿੱਚ ਪੈਂਦੇ ਪਿੰਡ ਕਲੇਰ ਖੁਰਦ ਦੀ ਸਰਪੰਚ ਵੱਲੋਂ ਪੰਚਾਇਤੀ ਫੰਡਾਂ ਅਤੇ ਮਿਲੀ ਗਰਾਂਟ ’ਚ ਲੱਖਾਂ ਰੁਪਏ ਕਥਿਤ ਘਪਲੇਬਾਜੀ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕੀਤੀ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਮਾਮਲੇ ਦੀ ਜਾਂਚ ਸਬੰਧੀ ਬਣਾਈ ਵਿਸ਼ੇਸ਼ ਟੀਮ ਵਿੱਚ ਸ਼ਾਮਲ ਪੰਚਾਇਤੀ ਰਾਜ ਦੇ ਐਕਸੀਅਨ ਗੁਰਦਾਸਪੁਰ ਰਾਜ ਕੁਮਾਰ, ਐੱਸਡੀਓ ਕੁਲਵੰਤ ਸਿੰਘ ਅੰਮ੍ਰਿਤਸਰ, ਜੇ.ਈ ਪਰਮਿੰਦਰਜੀਤ ਸਿੰਘ ਬਲਾਕ ਧਾਰੀਵਾਲ, ਜੇ.ਈ ਰਾਕੇਸ਼ ਕੁਮਾਰ ਬਲਾਕ ਦੋਰਾਂਗਲਾ, ਪੰਚਾਇਤ ਸਕੱਤਰ-ਕਮ-ਗ੍ਰਾਮ ਸੇਵਕ ਗੁਰਦੇਵ ਸਿੰਘ ਵਲੋਂ ਪਿੰਡ ਕਲੇਰ ਖੁਰਦ ਪਹੁੰਚ ਕੇ ਪਿੰਡ ਵਾਸੀਆਂ ਦਾ ਪੱਖ ਸੁਣਿਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਹਰਭਜਨ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ, ਐਡਵੋਕੇਟ ਜੋਗਿੰਦਰ ਸਿੰਘ, ਸਾਬਕਾ ਪੰਚ ਨਿਰਮਲ ਸਿੰਘ, ਮੌਜੂਦਾ ਪੰਚ ਹਰਭਜਨ ਸਿੰਘ, ਪੰਚ ਬਚਨ ਲਾਲ ਨੇ ਐਕਸੀਅਨ ਪੰਚਾਇਤੀ ਰਾਜ ਨੂੰ ਦੱਸਿਆ ਪਿੰਡ ਦੀ ਮੌਜੂਦਾ ਸਰਪੰਚ ਸੁਧਾ ਕੌਰ ਨੇ ਪੰਚਾਇਤੀ ਫੰਡਾਂ ਅਤੇ ਮਿਲੀ ਸਰਕਾਰੀ ਗਰਾਂਟ ਦੇ ਹੁਣ ਤੱਕ ਲਗਪਗ ਇਕ ਕਰੋੜ 65 ਲੱਖ ਰੁਪਏ ਵਿੱਚੋਂ 30 ਫੀਸਦੀ ਵੀ ਪੈਸੇ ਪਿੰਡ ਦੇ ਵਿਕਾਸ ਕੰਮਾਂ ਲਈ ਖਰਚ ਨਹੀਂ ਕੀਤੇ। ਜਦਕਿ ਵਿਕਾਸ ਕੰਮਾਂ ਦੇ ਫਰਜ਼ੀ ਬਿੱਲ ਪਾ ਕੇ ਲੱਖਾਂ ਰੁਪਏ ਦੀ ਘਪਲੇਬਾਜੀ ਕਰਕੇ ਗਰਾਂਟ ਨੂੰ ਖੁਰਦ ਬੁਰਦ ਕੀਤਾ ਹੈ। ਕਬਰਸਤਾਨ ਲਈ ਮਿਲੀ ਗਰਾਂਟ 6 ਲੱਖ ਰੁਪਏ ਅਤੇ ਸਮਸ਼ਾਨਘਾਟ ਲਈ 2 ਲੱਖ ਰੁਪਏ ਵੀ ਨਹੀਂ ਲਗਾਈ। ਪਿਛਲੀ ਪੰਚਾਇਤ ਦੇ ਮਿਲੇ 8 ਲੱਖ ਰੁਪਏ ਦਾ ਵੀ ਮੌਜੂਦਾ ਸਰਪੰਚ ਨੇ ਕੋਈ ਹਿਸਾਬ ਨਹੀਂ ਦੱਸਿਆ। ਪੰਚਾਇਤੀ ਰਾਜ ਐਕਸੀਅਨ ਰਾਜ ਕੁਮਾਰ ਨੇ ਦੱਸਿਆ ਪੰਚਾਇਤੀ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਹੈ। ਪਿੰਡ ਦੀ ਸਰਪੰਚ ਸੁਧਾ ਕੌਰ ਮੌਕੇ ਤੇ ਮੌਜੂਦ ਨਾ ਹੋਣ ਕਾਰਨ ਕਰਵਾਏ ਵਿਕਾਸ ਕੰਮਾਂ ਦੀ ਗਿਣਤੀ-ਮਿਣਤੀ ਨਹੀਂ ਹੋਈ। ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਰਿਪੋਰਟ ਭੇਜੀ ਜਾਵੇਗੀ। ਇਸ ਮੌਕੇ ਸਰਪੰਚ ਸੁਧਾ ਕੌਰ ਦਾ ਸਹੁਰਾ ਮੌਜੂਦਾ ਪੰਚ ਜਗੀਰ ਸਿੰਘ ਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ। ਸਰਪੰਚ ਬਿਮਾਰ ਹੋਣ ਕਾਰਨ ਹਸਪਤਾਲ ਦਾਖ਼ਲ ਹੈ।